ਚੰਡੀਗੜ੍ਹ, 25 ਨਵੰਬਰ : ਪੰਜਾਬ ਦੇ ਪਸ਼ੂਪਾਲਕਾਂ ਨੂੰ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਰਾਹੀਂ ਸਸਤੇ ਭਾਅ ‘ਤੇ ਪਸ਼ੂ ਚਾਟ (ਯੂਰੋਮਿਨ ਲਿੱਕ) ਮੁਹਈਆ ਕਰਵਾਉਣ ਲਈ ਕਪੂਰਥਲਾ ਵਿਖੇ ਪਸ਼ੂ ਚਾਟ ਦਾ ਸਟੋਰੇਜ਼ ਯੂਨਿਟ ਸਥਾਪਿਤ ਕੀਤਾ ਜਾਵੇਗਾ ਅਤੇ ਪਟਿਆਲਾ ਵਿਖੇ ਪਸੂ ਚਾਟ ਤਿਆਰ ਕਰਨ ਲਈ ਪਲਾਂਟ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਸ਼ੂ ਚਾਟ (ਯੂਰੋਮਿਨ ਲਿੱਕ) ਬਹੁਤ ਹੀ ਪੌਸ਼ਟਿਕ ਖੁਰਾਕ ਹੈ, ਜਿਸ ਨਾਲ ਪਸ਼ੂਆਂ ਦੀ ਸਰੀਰਕ ਸਥਿੱਤੀ ਵੀ ਮਜਬੂਤ ਹੁੰਦੀ ਹੈ ਅਤੇ ਦੁੱਧ ਦੀ ਕੁਆਲਿਟੀ ਵੀ ਵਧਦੀ ਹੈ। ਇਸ ਨਾਲ ਪਸ਼ੂਆਂ ਦੀ ਪਾਚਣ ਕਿਰਿਆ ਵਿਚ ਸੁਧਾਰ ਆਉਂਦਾ ਹੈ। ਪਸ਼ੂਆਂ ਨੂੰ ਤੰਦਰੁਸਤ ਰੱਖਣ ਅਤੇ ਵੱਧ ਪੈਦਾਵਾਰ ਲਈ ਇਹ ਬਹੁਤ ਹੀ ਸਸਤਾ ਤਰੀਕਾ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਇਸ ਪਾਸੇ ਵਿਸ਼ੇਸ਼ ਤੌਰ ‘ਤੇ ਜੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਦੱਸਿਆ ਕਿ ਪਸ਼ੂ ਚਾਟ ਪੰਜਾਬ ਦੇ ਪਸ਼ੂ ਪਾਲਕਾਂ ਲਈ ਵਰਦਾਨ ਸਾਬਤ ਹੋਵੇਗਾ।