Tuesday, December 3Malwa News
Shadow

ਪੰਜਾਬ ਦੀਆਂ ਜੇਲ੍ਹਾਂ ਤੋਂ ਬਾਹਰ ਵੀ ਕੰਮ ਕਰਨਗੇ ਕੈਦੀ : ਭੁੱਲਰ

ਚੰਡੀਗੜ੍ਹ, 25 ਨਵੰਬਰ : ਪੰਜਾਬ ਸਰਕਾਰ ਵਲੋਂ ਜੇਲਾਂ ਵਿਚ ਬੰਦ ਕੈਦੀਆਂ ਦੇ ਸੁਧਾਰ ਲਈ ਹੁਣ ਚੰਗੇ ਆਚਰਨ ਵਾਲੇ ਕੈਦੀਆਂ ਨੂੰ ਜੇਲ੍ਹਾਂ ਤੋਂ ਬਾਹਰ ਕੰਮ ਕਰਨ ਦੀ ਵੀ ਇਜਾਜਤ ਦਿੱਤੀ ਜਾਵੇਗੀ ਅਤੇ ਜੇਲਾਂ ਦੇ ਬਾਹਰ ਲਗਾਏ ਜਾ ਰਹੇ ਪੈਟਰੋਲ ਪੰਪਾਂ ‘ਤੇ ਕੰਮ ਕਰਵਾਇਆ ਜਾਵੇਗਾ। ਇਸ ਨਾਲ ਜਿਥੇ ਜੇਲ੍ਹ ਵਿਭਾਗ ਦੀ ਆਮਦਨ ਵਿਚ ਵਾਧਾ ਹੋਵੇਗਾ, ਉਥੇ ਕੈਦੀਆਂ ਨੂੰ ਵੀ ਕਮਾਈ ਕਰਨ ਦਾ ਮੌਕਾ ਮਿਲੇਗਾ।
ਅੱਜ ਨਾਭਾ ਅਤੇ ਫਾਜਿਲਕਾ ਜੇਲਾਂ ਦੇ ਬਾਹਰ ਪੈਟਰੋਲ ਪੰਪਾਂ ਦਾ ਉਦਘਾਟਨ ਕਰਨ ਪਿਛੋਂ ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਵਿਚ ਇਸ ਤੋਂ ਪਹਿਲਾਂ 6 ਜੇਲਾਂ ਦੇ ਬਾਹਰ ਪੈਟਰੋਲ ਪੰਪ ਲਗਾਏ ਜਾ ਚੁੱਕੇ ਹਨ ਅਤੇ ਅੱਜ ਦੋ ਜੇਲਾਂ ਦੇ ਬਾਹਰ ਪੈਟਰੋਲ ਪੰਪਾਂ ਦੀ ਸ਼ੁਰੂਆਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਜੇਲ ਨੂੰ ਪੈਟਰੋਲ ਪੰਪ ਤੋਂ ਲਗਭਗ 5 ਲੱਖ ਰੁਪਏ ਦੀ ਆਮਦਨ ਹੋਵੇਗੀ। ਇਹ ਕਮਾਈ ਜੇਲਾਂ ਵਿਚ ਸੁਧਾਰ ਲਈ ਹੀ ਖਰਚ ਕੀਤੀ ਜਾਵੇਗੀ। ਇਨ੍ਹਾਂ ਪੰਪਾਂ ‘ਤੇ ਚੰਗੇ ਆਰਚਨ ਵਾਲੇ ਕੈਦੀਆਂ ਪਾਸੋਂ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜੇਲਾਂ ਦੇ ਅੰਦਰ ਵੀ ਕੈਦੀਆਂ ਦੀ ਭਲਾਈ ਲਈ ਨਵੀਂ ਨਵੀਂ ਤਕਨੀਕ ਲਿਆਂਦੀ ਜਾ ਰਹੀ ਹੈ। ਮੰਤਰੀ ਭੁੱਲਰ ਨੇ ਦੱਸਿਆ ਕਿ ਕੈਦੀਆਂ ਦੇ ਮੁੜਵਸੇਬੇ ਲਈ ਵੀ ਸਰਕਾਰ ਵਲੋਂ ਕਈ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ।