Sunday, November 29Malwa News
Shadow

ਆਪ ਹਮੇਸ਼ਾ ਮਹਿਲਾ ਰਾਖਵੇਂਕਰਨ ਦੇ ਹੱਕ ਵਿੱਚ ਪਰ ਹੱਦਬੰਦੀ  ਦੀ ਆੜ ਹੇਠ ਭਾਜਪਾ ਨੂੰ ‘ਸੀਟ-ਚੋਰੀ’ ਨਹੀਂ ਕਰਨ ਦੇਵੇਗੀ: ਅਮਨ ਅਰੋੜਾ

ਚੰਡੀਗੜ੍ਹ 29 ਨਵੰਬਰ-    ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਭਲਕੇ ਤੋਂ ਸੱਦੇ ਗਏ ਸੰਸਦ ਦੇ ਸੈਸ਼ਨ ਵਿੱਚ ਲਿਆਂਦੇ ਜਾ ਰਹੇ ਡੀਲਿਮਿਟੇਸ਼ਨ ਅਤੇ ਮਹਿਲਾ ਰਾਖਵਾਂਕਰਨ ਬਿੱਲ ਬਾਰੇ ਪਾਰਟੀ ਦਾ ਸਟੈਂਡ ਸਪੱਸ਼ਟ ਕੀਤਾ ਹੈ। ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ੁਰੂ ਤੋਂ ਹੀ ਮਹਿਲਾ ਰਾਖਵਾਂਕਰਨ ਬਿੱਲ ਦਾ ਪੂਰਾ ਸਮਰਥਨ ਕਰਦੀ ਆਈ ਹੈ, ਪਰ ਡੀਲਿਮਿਟੇਸ਼ਨ ਦੇ ਨਾਂ ‘ਤੇ ਭਾਜਪਾ ਦੀ ਨੀਅਤ ਵਿੱਚ ਖੋਟ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਭਾਜਪਾ ਈਵੀਐਮ  ਅਤੇ ਐਸਆਈਆਰ ਰਾਹੀਂ ‘ਵੋਟ ਚੋਰੀ’ ਕਰਦੀ ਸੀ ਅਤੇ ਹੁਣ ਡੀਲਿਮਿਟੇਸ਼ਨ ਦੀ ਆੜ ਵਿੱਚ ਪੂਰੇ ਦੇਸ਼ ਵਿੱਚ ‘ਸੀਟ ਚੋਰੀ’ ਕਰਨ ਦੀ ਸਾਜ਼ਿਸ਼ ਰਚ ਰਹੀ ਹੈ, ਜਿਸ ਨੂੰ ਹੁਣ ਦੇਸ਼ ਦੇ ਲੋਕ ਭਲੀ-ਭਾਂਤ ਸਮਝਣ ਲੱਗ ਪਏ ਹਨ।

ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰ ਉਸ ਕਦਮ ਦੇ ਨਾਲ ਹੈ ਜੋ ਦੇਸ਼ ਦੇ ਹਿੱਤ ਵਿੱਚ ਹੋਵੇ ਅਤੇ ਜਿਸ ਨਾਲ ਹਰ ਨਾਗਰਿਕ ਤੇ ਵੋਟਰ ਨੂੰ ਬਰਾਬਰੀ ਦਾ ਅਧਿਕਾਰ ਮਿਲੇ, ਪਰ ਜੇਕਰ ਵਿਰੋਧੀ ਧਿਰ ਦੇ ਵੋਟਰਾਂ ਦੀ ਵੋਟ ਦੀ ਕੀਮਤ ਘਟਾ ਕੇ ਭਾਜਪਾ ਨੂੰ ਸਿਆਸੀ ਲਾਹਾ ਪਹੁੰਚਾਉਣ ਦੀ ਕੋਸ਼ਿਸ਼ ਹੋਵੇਗੀ ਤਾਂ ਪਾਰਟੀ ਇਸ ਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ 2023 ਵਿੱਚ ਅਸਮ ਅਤੇ ਜੰਮੂ-ਕਸ਼ਮੀਰ ਵਿੱਚ ਹੋਈ ਡੀਲਿਮਿਟੇਸ਼ਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉੱਥੇ ਭਾਜਪਾ ਨੇ ਸਿਰਫ਼ ਆਪਣੇ ਸਿਆਸੀ ਫਾਇਦੇ ਲਈ ਹਲਕਿਆਂ ਦੀ ਵੰਡ ਕੀਤੀ। ਅਸਮ ਦੀ ਉਦਾਹਰਣ ਦਿੰਦਿਆਂ ਉਨ੍ਹਾਂ ਦੱਸਿਆ ਕਿ 14 ਲੋਕ ਸਭਾ ਸੀਟਾਂ ‘ਤੇ ਔਸਤਨ 17.5 ਲੱਖ ਵੋਟਰ ਹੋਣੇ ਚਾਹੀਦੇ ਸਨ, ਪਰ ਢੁਬਰੀ ਸੀਟ ‘ਤੇ 10 ਲੱਖ ਵਾਧੂ ਵੋਟਾਂ ਜੋੜ ਕੇ ਉਸ ਨੂੰ 26.60 ਲੱਖ ਦਾ ਬਣਾ ਦਿੱਤਾ ਗਿਆ, ਜਦਕਿ ਡੀਫੂ ਸੀਟ ਨੂੰ ਸਿਰਫ਼ 9 ਲੱਖ ਦੀ ਆਬਾਦੀ ‘ਤੇ ਰੱਖਿਆ ਗਿਆ। ਇਸੇ ਤਰ੍ਹਾਂ ਅਸਮ ਦੀਆਂ ਵਿਧਾਨ ਸਭਾ ਸੀਟਾਂ ‘ਤੇ ਵੀ ਔਸਤਨ 1.97 ਲੱਖ ਵੋਟਰਾਂ ਦੇ ਮੁਕਾਬਲੇ ਦਲਗਾਓ ਵਿੱਚ 3.15 ਲੱਖ ਅਤੇ ਅਮਰੀ ਵਿੱਚ ਸਿਰਫ਼ 98,000 ਵੋਟਰ ਰੱਖੇ ਗਏ।

ਜੰਮੂ ਅਤੇ ਕਸ਼ਮੀਰ ਦੇ ਅੰਕੜੇ ਪੇਸ਼ ਕਰਦਿਆਂ ਅਰੋੜਾ ਨੇ ਦੱਸਿਆ ਕਿ ਉੱਥੇ 90 ਵਿਧਾਨ ਸਭਾ ਸੀਟਾਂ ‘ਤੇ ਔਸਤਨ 97,000 ਵੋਟਰ ਬਣਦੇ ਸਨ, ਪਰ ਆਰ.ਐਸ. ਪੁਰਾ-ਜੰਮੂ ਸਾਊਥ ਸੀਟ ‘ਤੇ 1.29 ਲੱਖ ਵੋਟਰ ਕਰ ਦਿੱਤੇ ਗਏ ਅਤੇ ਗੁਰੇਜ਼ ਹਲਕੇ ਨੂੰ ਸਿਰਫ਼ 22,000 ਵੋਟਰਾਂ ਤੱਕ ਸੀਮਤ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਤਿੰਨ-ਤਿੰਨ ਗੁਣਾ ਵੋਟਾਂ ਦਾ ਇਹ ਫ਼ਰਕ ਸਾਫ਼ ਦਰਸਾਉਂਦਾ ਹੈ ਕਿ ਭਾਜਪਾ ਆਪਣੇ ਸਮਰਥਨ ਵਾਲੇ ਇਲਾਕਿਆਂ ਵਿੱਚ ਛੋਟੇ ਹਲਕੇ ਬਣਾ ਕੇ ਵੱਧ ਵਿਧਾਇਕ ਅਤੇ ਸੰਸਦ ਮੈਂਬਰ ਜਿਤਾਉਣਾ ਚਾਹੁੰਦੀ ਹੈ, ਜਦਕਿ ਵਿਰੋਧੀ ਧਿਰ ਦੇ ਪ੍ਰਭਾਵ ਵਾਲੇ ਇਲਾਕਿਆਂ ਦੀਆਂ ਸੀਟਾਂ ਨੂੰ ਵੱਡਾ ਕਰਕੇ ਉਨ੍ਹਾਂ ਦੀ ਗਿਣਤੀ ਘਟਾਉਣਾ ਚਾਹੁੰਦੀ ਹੈ।

ਅਮਨ ਅਰੋੜਾ ਨੇ ਸਮੂਹ ਦੇਸ਼ ਵਾਸੀਆਂ ਅਤੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਜਪਾ ਦੀ ਇਸ ‘ਸੀਟ ਚੋਰੀ’ ਖ਼ਿਲਾਫ਼ ਇੱਕਜੁੱਟ ਹੋ ਕੇ ਆਵਾਜ਼ ਬੁਲੰਦ ਕਰਨ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਬੀਆਰ ਅੰਬੇਦਕਰ ਨੇ ਸੰਵਿਧਾਨ ਵਿੱਚ ‘ਇੱਕ ਵੋਟ, ਇੱਕ ਵੈਲਿਊ’ ਦਾ ਜੋ ਅਧਿਕਾਰ ਦਿੱਤਾ ਸੀ, ਅੱਜ ਭਾਜਪਾ ਉਸ ਨੂੰ ਖ਼ਤਮ ਕਰਨ ‘ਤੇ ਤੁਲੀ ਹੋਈ ਹੈ, ਜਿਸ ਨੂੰ ਆਮ ਆਦਮੀ ਪਾਰਟੀ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦੇਵੇਗੀ।