ਬਠਿੰਡਾ, 4 ਜਨਵਰੀ : ਟਰਾਂਸਪੋਰਟਰਾਂ ਤੋਂ ਮਹੀਨਾਵਾਰ 20 ਤੋਂ 25 ਲੱਖ ਤੱਕ ਰਿਸ਼ਵਤ ਇਕੱਠੀ ਕਰਨ ਵਾਲੇ ਆਰ.ਟੀ.ਓ. ਬਠਿੰਡਾ ਦੇ ਗੰਨਮੈਨ ਸੁਖਪ੍ਰੀਤ ਸਿੰਘ ਨੂੰ ਅੱਜ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਵਿਚ ਪੇਸ਼ ਕਰਨ ਪਿਛੋਂ ਗੰਨਮੈਨ ਦਾ ਚਾਰ ਦਿਨ ਦਾ ਪੁਲੀਸ ਰਿਮਾਂਡ ਲੈਣ ਪਿਛੋਂ ਹੁਣ ਵਿਜੀਲੈਂਸ ਵਲੋਂ ਇਸ ਧੰਦੇ ਵਿਚ ਸ਼ਾਮਲ ਆਰ.ਟੀ.ਓ. ਦਫਤਰ ਦੇ ਬਾਕੀ ਮੁਲਾਜ਼ਮਾਂ ਬਾਰੇ ਵੀ ਜਾਣਕਾਰੀ ਹਾਸਲ ਕਰੇਗੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਰਿਸ਼ਵਤਖੋਰਾਂ ਬਾਰੇ ਜਾਣਕਾਰੀ ਦੇਣ ਲਈ ਐਕਸ਼ਨ ਲਾਈਨ ਜਾਰੀ ਕੀਤੀ ਗਈ ਸੀ। ਜਿਲਾ ਬਠਿੰਡਾ ਦੇ ਪਿੰਡ ਰਾਮੁਪਰਾ ਦੇ ਇਕ ਟਰਾਂਸਪੋਰਟਰ ਨੇ ਇਸ ਫੋਨ ਲਾਈਨ ‘ਤੇ ਸ਼ਿਕਾਇਤ ਦਰਜ ਕਰਵਾ ਕੇ ਜਾਣਕਾਰੀ ਦਿੱਤੀ ਸੀ ਕਿ ਬਠਿੰਡਾ ਦੇ ਸਹਾਇਕ ਟਰਾਂਸਪੋਰਟ ਅਫਸਰ ਵਲੋਂ ਟਰੱਕਾਂ ਅਤੇ ਟਿੱਪਰਾਂ ਦੇ ਚਲਾਨ ਕੱਢੇ ਜਾ ਰਹੇ ਹਨ। ਉਸ ਵਲੋਂ ਚਲਾਣ ਕੱਟ ਕੇ ਮੋਟੇ ਜੁਰਮਾਨੇ ਲਗਾਏ ਜਾ ਰਹੇ ਹਨ। ਸ਼ਿਕਾਇਤ ਵਿਚ ਦੱਸਿਆ ਸੀ ਕਿ ਆਰ.ਟੀ.ਓ. ਦਫਤਰ ਦਾ ਗੰਨਮੈਨ ਸੁਖਪ੍ਰੀਤ ਸਿੰਘ ਟਰਾਂਸਪੋਰਟਰਾਂ ਤੋਂ ਚਲਾਣ ਤੋਂ ਬਚਣ ਲਈ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਡਰ ਦੇ ਮਾਰੇ ਬਹੁਤ ਸਾਰੇ ਟਰਾਂਸਪੋਰਟ ਮਹੀਨਾਵਾਰ ਰਿਸ਼ਵਤ ਦੇ ਰਹੇ ਹਨ। ਜਦੋਂ ਇਸ ਬਾਰੇ ਵਿਜੀਲੈਂਸ ਬਿਊਰੋ ਵਲੋਂ ਜਾਂਚ ਕੀਤੀ ਗਈ ਤਾਂ ਦੋਸ਼ ਸਹੀ ਪਾਏ ਗਏ ਅਤੇ ਅੱਜ ਗੰਨਮੈਨ ਸੁਖਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ।