ਅੰਮ੍ਰਿਤਸਰ, 23 ਦਸੰਬਰ : ਪੰਜਾਬ ਵਿਚ ਪਾਕਿਸਤਾਨ ਤੋਂ ਨਸ਼ੇ ਦੀ ਤਸਕਰੀ ਦਾ ਧੰਦਾ ਕਰਨ ਵਾਲੇ ਦੋ ਤਸਕਰਾਂ ਨੂੰ 10 ਕਿੇੰਲੋ ਹੈਰੋਇਨ ਸਮੇਤ ਗ੍ਰਿਫਤਾਰ ਕਰਕੇ ਪੰਜਾਬ ਪੁਲੀਸ ਨੇ ਨਸ਼ੇ ਦੇ ਪੁਰਾਣੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਦੋਵੇਂ ਤਸਕਰ 9 ਸਾਲ ਪਹਿਲਾਂ ਵੀ ਦੋ ਪਾਕਿਸਤਾਨੀ ਨਾਗਰਿਕਾਂ ਸਮੇਤ ਫੜ੍ਹੇ ਗਏ ਸਨ। ਪਰ ਬਾਅਦ ਵਿਚ ਜਮਾਨਤ ਹੋਣ ਪਿਛੋਂ ਇਨ੍ਹਾਂ ਨੇ ਫੇਰ ਨਸ਼ਾ ਤਸਕਰੀ ਦਾ ਧੰਦਾ ਸ਼ੁਰੂ ਕਰ ਦਿੱਤਾ।
ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲਾ ਅੰਮ੍ਰਿਤਸਰ ਦੇ ਪਿੰਡ ਬਘਿਆੜੀ ਦੇ ਵਾਸੀ ਅਵਤਾਰ ਸਿੰਘ ਤਾਰੀ ਅਤੇ ਜਿਲਾ ਬਟਾਲਾ ਦੇ ਪਿੰਡ ਤਲਵਾਨੀ ਦੇ ਵਾਸੀ ਸੁਖਦੇਵ ਸਿੰਘ ਨੂੰ 10 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲੀਸ ਮੁਖੀ ਮੁਤਾਬਿਕ ਇਹ ਦੋਵੇਂ ਤਸਕਰ ਪਾਕਿਸਤਾਨ ਤੋਂ ਨਸ਼ੇ ਦੀ ਸਪਲਾਈ ਮੰਗਵਾਉਂਦੇ ਸਨ ਅਤੇ ਪੰਜਾਬ ਵਿਚ ਨਸ਼ਾ ਵੇਚਦੇ ਸਨ। ਇਨ੍ਹਾਂ ਦੋਵਾਂ ਨੂੰ ਪਹਿਲਾਂ ਸਾਲ 2015 ਵਿਚ 19.5 ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਐਤਵਾਰ ਨੂੰ ਜਦੋਂ ਇਹ ਤਸਕਰ 10 ਕਿੱਲੋ ਹੈਰੋਇਨ ਲੈ ਕੇ ਆਪਣੀ ਕਾਰ ਰਾਹੀਂ ਸਪਲਾਈ ਲਈ ਜਾ ਰਹੇ ਸਨ ਤਾਂ ਪਿੰਡ ਮੂਲੇਚੱਕ ਦੇ ਸੂਏ ਦੇ ਪੁਲ ‘ਤੇ ਪੁਲੀਸ ਨੇ ਘੇਰ ਲਿਆ। ਜਦੋਂ ਉੁਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 10 ਕਿੱਲੋ ਹੈਰੋਇਨ ਦੇ ਪੈਕਟ ਬਰਾਮਦ ਕੀਤੇ ਗਏ। ਪੁਲੀਸ ਨੇ ਮੌਕੇ ‘ਤੇ ਹੀ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੋਵਾਂ ਖਿਲਾਫ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ।