
ਚੰਡੀਗੜ੍ਹ, 20 ਸਤੰਬਰ:– ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ਨੀਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2303 ਪ੍ਰਭਾਵਿਤ ਪਿੰਡਾਂ ਵਿੱਚ ਹੜ੍ਹਾਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਸ਼ੁਰੂ ਕੀਤੀ ਗਈ ਬਹੁ-ਪੱਖੀ `ਵਿਸ਼ੇਸ਼ ਸਿਹਤ ਮੁਹਿੰਮ` ਨੇ ਸੰਭਾਵੀ ਬਿਮਾਰੀਆਂ ਦੇ ਫੈਲਾਅ ਨੂੰ ਰੋਕਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਹੜ੍ਹਾਂ ਦੀ ਮਾਰ ਹੇਠ ਆਏ ਖੇਤਰਾਂ ਨਾਲ ਸਬੰਧਤ ਰਿਪੋਰਟਾਂ ਦੀ ਸਮੀਖਿਆ ਕਰਦੇ ਹੋਏ, ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਰਾਜ ਦੇ ਮੈਡੀਕਲ ਭਾਈਚਾਰੇ – ਜਿਸ ਵਿੱਚ ਸਰਕਾਰੀ ਡਾਕਟਰ, ਨਿੱਜੀ ਵਲੰਟੀਅਰ, ਆਯੁਰਵੇਦ ਮੈਡੀਕਲ ਅਫਸਰ ਅਤੇ ਐਮ.ਬੀ.ਬੀ.ਐਸ. ਇੰਟਰਨ ਸ਼ਾਮਲ ਹਨ – ਦੀ ਵੱਡੀ ਲਾਮਬੰਦੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਲੋਕਾਂ ਨੂੰ ਇੱਕ ਮਜ਼ਬੂਤ ਸਿਹਤ ਢਾਲ ਪ੍ਰਦਾਨ ਕੀਤੀ ਹੈ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁਹਿੰਮ ਮੁੱਖ ਰੂਪ ਵਿੱਚ ਤਿੰਨ-ਨੁਕਾਤੀ ਰਣਨੀਤਕ ਯੋਜਨਾ ਅਨੁਸਾਰ ਕੰਮ ਕਰ ਰਹੀ ਹੈ,ਜਿਸ ਵਿੱਚ ਸਿਹਤ ਕੈਂਪਾਂ ਵਿੱਚ ਮਹੱਤਵਪੂਰਨ ਇਲਾਜ ਸੰਬੰਧੀ ਦੇਖਭਾਲ ਉਪਲਬਧ ਹੈ, ਘਰ-ਘਰ ਜਾ ਕੇ ਦੌਰੇ ਯਕੀਨੀ ਬਣਾਏ ਜਾ ਰਹੇ ਹਨ ਤਾਂ ਜੋ ਲੋਕਾਂ ਬਿਮਾਰੀਆਂ ਤੋਂ ਬਚਾਉਣ ਇਹਤਿਆਤੀ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਸਕਣ ਅਤੇ ਰੋਕਥਾਮ ਉਪਾਵਾਂ ਵਜੋਂ ਇਲਾਕੇ ਵਿਚ ਫਿਊਮੀਗੇਸ਼ਨ ਕੀਤੀ ਜਾ ਰਹੀ ਹੈ।
ਸ਼ਨੀਵਾਰ ਨੂੰ ਕੀਤੇ ਗਏ ਰੋਕਥਾਮ ਉਪਾਵਾਂ ਦੇ ਅੰਕੜੇ ਸਾਂਝੇ ਕਰਦੇ ਹੋਏ, ਸਿਹਤ ਮੰਤਰੀ ਨੇ ਕਿਹਾ ਕਿ ਮੈਡੀਕਲ ਟੀਮਾਂ ਨੇ 1,118 ਪਿੰਡਾਂ ਨੂੰ ਕਵਰ ਕੀਤਾ ਹੈ, ਕੈਂਪਾਂ ਵਿੱਚ 20,668 ਓਪੀਡੀ ਕੰਸਲਟੇਸ਼ਨ ਕੀਤੀਆਂ ਗਈਆਂ , ਜਿਨ੍ਹਾਂ ਵਿੱਚ 2,324 ਬੁਖਾਰ ਦੇ ਕੇਸ, 505 ਦਸਤ ਦੇ ਕੇਸ, 2,606 ਚਮੜੀ ਦੀ ਲਾਗ ਅਤੇ 1,133 ਅੱਖਾਂ ਦੀਆਂ ਇਨਫੈਕਸ਼ਨਾਂ ਦਾ ਇਲਾਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਸਮੇਂ, 20,000 ਤੋਂ ਵੱਧ ਆਸ਼ਾ ਵਰਕਰਜ਼ ਵੱਲੋਂ ਘਰ-ਘਰ ਜਾ ਕੇ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ 1,471 ਪਿੰਡਾਂ ਅਤੇ 62,021 ਘਰਾਂ ਨੂੰ ਕਵਰ ਕੀਤਾ ਗਿਆ ਹੈ। ਇਸਦੇ ਨਾਲ ਹੀ ਆਸ਼ਾ ਵਰਕਰਜ਼ ਨੇ 20,276 ਜ਼ਰੂਰੀ ਸਿਹਤ ਕਿੱਟਾਂ ਵੰਡੀਆਂ ਹਨ ਅਤੇ ਲੋਕਾਂ ਦੀ ਸਰਗਰਮੀ ਨਾਲ ਜਾਂਚ ਕੀਤੀ ਹੈ। ਇਸ ਦੌਰਾਨ 1,105 ਬੁਖਾਰ ਦੇ ਕੇਸਾਂ ਦੀ ਪਛਾਣ ਕੀਤੀ ਗਈ ਹੈ ਅਤੇ ਮਲੇਰੀਆ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ।
ਇਸੇ ਤਰ੍ਹਾਂ, ਤੀਬਰ ਵੈਕਟਰ-ਕੰਟਰੋਲ ਮੁਹਿੰਮਾਂ ਤਹਿਤ 1,554 ਪਿੰਡਾਂ ਨੂੰ ਕਵਰ ਕੀਤਾ ਹੈ, ਟੀਮਾਂ ਨੇ 63,233 ਘਰਾਂ ਵਿੱਚ ਮੱਛਰਾਂ ਦੇ ਪ੍ਰਜਨਨ ਸਬੰਧੀ ਜਾਂਚ ਕੀਤੀ, 969 ਘਰਾਂ ਵਿੱਚ ਪ੍ਰਜਨਨ ਸਥਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਨਸ਼ਟ ਕੀਤਾ। ਇੱਕ ਮਹੱਤਵਪੂਰਨ ਰੋਕਥਾਮ ਉਪਾਅ ਵਜੋਂ, 19,303 ਘਰਾਂ ਵਿੱਚ ਪ੍ਰੀਐਂਪਟਿਵ ਲਾਰਵੀਸਾਈਡ ਦਾ ਛਿੜਕਾਅ ਕੀਤਾ ਗਿਆ ਅਤੇ ਬਿਮਾਰੀ ਦੇ ਸੰਚਾਰ ਚੱਕਰ ਨੂੰ ਤੋੜਨ ਲਈ 955 ਪਿੰਡਾਂ ਵਿੱਚ ਵਿਆਪਕ ਫਿਊਮੀਗੇਸ਼ਨ ਕੀਤੀ ਗਈ।
ਡਾ. ਬਲਬੀਰ ਸਿੰਘ ਨੇ ਕਿਹਾ ,”ਇਹ ਅੰਕੜਾ ਦਰਸਾਉਂਦਾ ਹੈ ਕਿ ਸਾਡੀ ਰੋਕਥਾਮ ਰਣਨੀਤੀ ਪ੍ਰਭਾਵੀ ਢੰਗ ਨਾਲ ਕੰਮ ਕਰ ਰਹੀ ਹੈ। ਹਾਲਾਂਕਿ, ਬਿਮਾਰਾਂ ਦਾ ਇਲਾਜ ਕਰਨਾ ਵੀ ਮਹੱਤਵਪੂਰਨ ਹੈ ਪਰ ਸਾਡਾ ਮੁੱਖ ਉਦੇਸ਼ ਬਿਮਾਰੀਆਂ ਨੂੰ ਉਪਜਣ ਤੋਂ ਪਹਿਲਾਂ ਹੀ ਰੋਕਣਾ ਹੈ,”।
ਸਿਹਤ ਮੰਤਰੀ ਨੇ ਮੁਹਿੰਮ ਦੀ ਸਫ਼ਲਤਾ ਪਿੱਛੇ ਇਸ ਦੇ ਪ੍ਰਭਾਵੀ ਡਿਜ਼ਾਈਨ ਨੂੰ ਅਹਿਮ ਕਰਾਰ ਦਿੱਤਾ , ਜੋ ਪ੍ਰਤੀਕ੍ਰਿਆ ਨਾਲੋਂ ਰੋਕਥਾਮ `ਤੇ ਜ਼ੋਰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂੁਰਅੰਦੇਸ਼ ਸੋਚ ਅਨੁਸਾਰ ਅਸੀਂ ਇਹ ਮੁਹਿੰਮ ਆਰੰਭੀ ਹੈ , ਜੋ ਸਿਹਤ ਚੁਣੌਤੀਆਂ ਦੇ ਉਭਰਨ ਤੋਂ ਪਹਿਲਾਂ ਹੀ ਉਨ੍ਹਾਂ ਨਾਲ ਨਜਿੱਠਣ ਦੀ ਸਮਰੱਥਾ ਰੱਖਦੀ ਹੈ ।