
ਫਰੀਦਕੋਟ 18 ਮਾਰਚ : ਪ੍ਰੈੱਸ, ਪਬਲਿਕ ਤੇ ਪ੍ਰਸ਼ਾਸ਼ਨ ਦੇ ਆਪਸੀ ਸਹਿਯੋਗ ਨਾਲ ਹੀ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਕੇ ਵਿਕਾਸ ਦੀ ਗਤੀ ਨੂੰ ਤੇਜ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਅੱਜ ਮੀਡੀਆ ਨੁੰਮਾਇੰਦਿਆਂ ਨਾਲ ਕੀਤੀ ਵਿਸ਼ੇਸ਼ ਬੈਠਕ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਕਾਸ ਦੀ ਗਤੀ ਵਿੱਚ ਤੇਜੀ ਲਿਆਉਣ ਅਤੇ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ ਸਾਰਥਿਕ ਸਿੱਟੇ ਤਾਂ ਹੀ ਨਿਕਲ ਸਕਦੇ ਹਨ, ਜੇਕਰ ਲੋਕਤੰਤਰ ਦੇ ਚੌਥੇ ਥੰਮ ਪ੍ਰੈੱਸ ਦਾ ਜਿਲ੍ਹਾ ਪ੍ਰਸ਼ਾਸ਼ਨ ਨੂੰ ਵੱਧ ਚੜ੍ਹ ਕੇ ਸਹਿਯੋਗ ਮਿਲੇ। ਇਸ ਮੌਕੇ ਉਨ੍ਹਾਂ ਪ੍ਰੈੱਸ ਦੇ ਨੁਮਾਇੰਦਿਆਂ ਦੀ ਹਰ ਉਸਾਰੂ ਸੋਚ ਦਾ ਸਵਾਗਤ ਕੀਤਾ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਜਾਂਦੇ ਜਿਲ੍ਹੇ ਦੇ ਵਿਕਾਸ ਜਾਂ ਲੋਕ ਮਸਲਿਆਂ ਦੇ ਹੱਲ ਲਈ ਪ੍ਰੈਸ ਦਾ ਸਾਥ ਮੰਗਿਆ। ਉਨ੍ਹਾਂ ਕਿਹਾ ਕਿ ਪ੍ਰੈਸ ਦੇ ਨੁਮਾਇੰਦੇ ਫੀਲਡ ਵਿੱਚ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਨੂੰ ਪ੍ਰਸ਼ਾਸ਼ਨ ਦੇ ਕੰਮਾਂ ਵਿੱਚ ਜਿੱਥੇ ਵੀ ਕੋਈ ਕਮੀ ਦਿੱਖਦੀ ਹੈ, ਉਹ ਕਮੀਆਂ ਨੂੰ ਦੂਰ ਕਰਵਾਉਣ ਲਈ ਜਿਲ੍ਹਾ ਪ੍ਰਸ਼ਾਸ਼ਨ ਨਾਲ ਤਾਲਮੇਲ ਕਰਨ।
ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਦੀ ਵਚਨਬੱਧਤਾ ਤਹਿਤ ਜਿਲ੍ਹੇ ਦੇ ਵਸਨੀਕਾਂ ਨੂੰ ਸਮਾਂਬੱਧ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਦੀ ਨਗਰੀ ਫਰੀਦਕੋਟ ਵਿੱਚ ਆ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਪ੍ਰੈੱਸ, ਪਬਲਿਕ ਤੇ ਪ੍ਰਸ਼ਾਸ਼ਨ ਜੇਕਰ ਆਪਸੀ ਤਾਲਮੇਲ ਨਾਲ ਕੰਮ ਕਰਦੇ ਹਨ ਤਾਂ ਯੁੱਧ ਨਸ਼ਿਆਂ ਵਿਰੁੱਧ ਤੇ ਹੋਰ ਸਮਾਜਿਕ ਬੁਰਾਈਆਂ ਤੇ ਸਫਲਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਉਹ ਲੋਕ-ਨੁਮਾਇੰਦਿਆਂ, ਵਿਧਾਇਕ ਸਹਿਬਾਨਾਂ ਦੇ ਸਹਿਯੋਗ ਨਾਲ ਜਿਲ੍ਹੇ ਵਿੱਚ ਵਿਕਾਸ ਕਾਰਜਾਂ ਨੂੰ ਹੋਰ ਤੇਜ ਕਰਨਗੇ ਤੇ ਜਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ ਪ੍ਰਸ਼ਾਸ਼ਨ ਮੁਹੱਈਆ ਕਰਵਾਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।