
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ : ਪੰਜਾਬ ਪੁਲੀਸ ਵਲੋਂ ਇਥੇ ਮਾਘੀ ਮੇਲੇ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਇਸ ਮੌਕੇ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ, ਆਈ ਜੀ ਪੀ ਸੁਖਚੈਨ ਸਿੰਘ ਅਤੇ ਪੁਲੀਸ ਦੇ ਹੋਰ ਉੱਚ ਅਧਿਕਾਰੀ ਵੀ ਹਾਜਰ ਹੋਏ।
40 ਮੁਕਤਿਆਂ ਦੀ ਯਾਦ ਵਿਚ ਹਰ ਸਾਲ ਲੋਹੜੀ ਤੋਂ ਅਗਲੇ ਦਿਨ ਮਾਘੀ ਵਾਲੇ ਦਿਨ ਮਨਾਏ ਜਾਂਦੇ ਇਸ ਤਿਉਹਾਰ ਮੌਕੇ ਪੰਜਾਬ ਪੁਲੀਸ ਸੇਵਾ ਕਮੇਟੀ ਵਲੋਂ ਲੰਗਰ ਲਗਾਇਆ ਗਿਆ। ਇਸ ਮੌਕੇ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਪੁਲੀਸ ਸੇਵਾ ਕਮੇਟੀ ਦੇ ਜਵਾਨਾਂ ਨੇ ਪੂਰਾ ਦਿਨ ਸੰਗਤਾਂ ਨੂੰ ਲੰਗਰ ਵਰਤਾਇਆ। ਇਸ ਮੌਕੇ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਯੋਧਿਆਂ ਦੀ ਧਰਤੀ ਹੈ। ਇਸ ਧਰਤੀ ਤੋਂ ਜਨਮ ਲੈਣ ਵਾਲੇ ਯੋਧੇ ਗਰੀਬ ਅਤੇ ਮਜਲੂਮਾਂ ਦੀ ਰੱਖਿਆ ਲਈ ਲੜਦੇ ਰਹੇ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗਰੀਬ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਅੱਜ ਪੰਜਾਬ ਦੇ ਲੋਕ ਗੁਰੂਆਂ ਦੀ ਸੋਚ ਨੂੰ ਅੱਗੇ ਵਧਾ ਰਹੇ ਹਨ।