
ਪਟਿਆਲਾ, 26 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗਣਤੰਤਰ ਦਿਵਸ ਮੌਕੇ ਸਮਾਜ ਅਤੇ ਸਰਕਾਰ ਪ੍ਰਤੀ ਚੰਗੀਆਂ ਸੇਵਾਵਾਂ ਦੇਣ ਵਾਲੇ ਵੱਖ ਵੱਖ ਅਧਿਕਾਰੀਆਂ, ਕਰਮਚਾਰੀਆਂ ਅਤੇ ਹੋਰ ਸਖਸ਼ੀਅਤਾਂ ਨੂੰ ਵੱਖ ਵੱਖ ਮੈਡਲਾਂ ਨਾਲ ਸਨਮਾਨਿਤ ਕੀਤਾ।
ਵੱਖ ਵੱਖ ਪੁਲੀਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਰਕਸ਼ਕ ਪਦਕ ਨਾਲ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਕੁੱਝ ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਮੈਡਲ ਨਾਲ ਵੀ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹੋਰ ਵੀ ਵੱਖ ਵੱਖ ਖੇਤਰਾਂ ਵਿਚ ਆਪਣਾ ਯੋਗਦਾਨ ਪਾਉਣ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਸਟੇਜ਼ ਤੋਂ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਹੀ ਮੁੱਖ ਮੰਤਰੀ ਨੇ ਸ਼ਹੀਦ ਸਿਪਾਹੀ ਭੁਪਿੰਦਰ ਸਿੰਘ, ਸ਼ਹੀਦ ਗੰਨਰ ਅਮਰੀਕ ਸਿੰਘ, ਸ਼ਹੀਦ ਨਾਇਕ ਰਾਜਵਿੰਦਰ ਸਿੰਘ, ਸ਼ਹੀਦ ਹੌਲਦਾਰ ਮੁਖਤਿਆਰ ਸਿੰਘ ਅਤੇ ਸ਼ਹੀਦ ਨਾਇਕ ਹਰਜਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ। ਇਨ੍ਹਾਂ ਸ਼ਹੀਦਾਂ ਨੇ ਭਾਰਤੀ ਫੌਜ ਵਿਚ ਸ਼ਹੀਦੀਆਂ ਪ੍ਰਾਪਤ ਕਰਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਉਨ੍ਹਾਂ ਨੇ ਮੰਗਲ ਸਿੰਘ, ਵਿਰਜੇਸ਼ ਕੁਮਾਰ ਅਤੇ ਅਮਨਦੀਪ ਸਿੰਘ ਨੂੰ ਫਰਿਸ਼ਤੇ ਸਕੀਮ ਤਹਿਤ ਸਰਟੀਫਿਕੇਟ ਵੀ ਦਿੱਤੇ।