Sunday, March 23Malwa News
Shadow

ਰਿਸ਼ਵਤ ਲੈਣ ਵਾਲਾ ਭਗੌੜਾ ਪਟਵਾਰੀ ਕਾਬੂ

ਚੰਡੀਗੜ੍ਹ, 5 ਮਾਰਚ : ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਹਲਕਾ ਨਵਾਂਸ਼ਹਿਰ-1 ਵਿਖੇ ਤਾਇਨਾਤ ਇੱਕ ਪਟਵਾਰੀ ਵਿਪਨ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਰਿਸ਼ਵਤਖੋਰੀ ਦੇ ਮੁਕੱਦਮੇ ਵਿੱਚ ਤਿੰਨ ਹਫ਼ਤਿਆਂ ਤੋਂ ਫਰਾਰ ਚੱਲ ਰਿਹਾ ਸੀ। ਇਸ ਕੇਸ ਵਿੱਚ ਪਟਵਾਰੀ ਦੇ ਕਾਰਿੰਦੇ ਰਾਮਪਾਲ ਨੂੰ ਉਸ (ਪਟਵਾਰੀ) ਖਾਤਰ 3,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਸੀ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਮੁਕੱਦਮਾ ਐਸਬੀਐਸ ਨਗਰ ਜ਼ਿਲ੍ਹੇ ਦੇ ਨਵਾਂਸ਼ਹਿਰ ਦੀ ਨਵੀਂ ਆਬਾਦੀ ਖੇਤਰ ਦੇ ਇੱਕ ਵਸਨੀਕ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੋਸ਼ ਲਗਾਉਂਦਿਆਂ ਦੱਸਿਆ ਕਿ ਉਕਤ ਪਟਵਾਰੀ ਵਿਪਨ ਕੁਮਾਰ ਨੇ ਉਸਦੇ ਜੱਦੀ ਘਰ ਦਾ ਇੰਤਕਾਲ ਦਰਜ ਕਰਨ ਲਈ 5,000 ਰੁਪਏ ਦੀ ਰਿਸ਼ਵਤ ਮੰਗੀ ਸੀ। ਪਟਵਾਰੀ ਦੇ ਕਹੇ ਅਨੁਸਾਰ ਸ਼ਿਕਾਇਤਕਰਤਾ ਨੇ ਪਟਵਾਰੀ ਦੇ ਏਜੰਟ ਰਾਮਪਾਲ ਨੂੰ 2,000 ਰੁਪਏ ਪੇਸ਼ਗੀ ਅਦਾ ਕਰ ਦਿੱਤੇ ਸਨ। ਜਦੋਂ ਬਾਕੀ ਰਕਮ ਲਈ ਹੋਰ ਦਬਾਅ ਪਾਇਆ ਗਿਆ ਤਾਂ ਸ਼ਿਕਾਇਤਕਰਤਾ ਨੇ ਮਦਦ ਲਈ ਵਿਜੀਲੈਂਸ ਬਿਊਰੋ ਕੋਲ ਪਹੁੰਚ ਕੀਤੀ। ਬੁਲਾਰੇ ਨੇ ਅੱਗੇ ਕਿਹਾ ਕਿ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ, ਵਿਜੀਲੈਂਸ ਬਿਊਰੋ ਨੇ 14 ਫਰਵਰੀ, 2025 ਨੂੰ ਜਾਲ ਵਿਛਾਇਆ ਅਤੇ ਰਾਮਪਾਲ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 3,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਦੌਰਾਨ, ਪਟਵਾਰੀ ਵਿਪਨ ਕੁਮਾਰ ਗ੍ਰਿਫ਼ਤਾਰੀ ਤੋਂ ਬਚਦੇ ਹੋਏ ਮੌਕੇ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ। ਉਦੋਂ ਤੋਂ, ਵਿਜੀਲੈਂਸ ਬਿਊਰੋ ਵੱਲੋਂ ਉਸਦੇ ਘਰ ਅਤੇ ਹੋਰ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ, ਜਿਸ ਕਾਰਨ ਉਸਨੂੰ ਅੰਤ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।
ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਪੁਲਿਸ ਥਾਣਾ, ਜਲੰਧਰ ਰੇਂਜ ਵਿਖੇ ਦੋਵਾਂ ਮੁਲਜ਼ਮਾਂ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਹੋਇਆ ਹੈ। ਗ੍ਰਿਫ਼ਤਾਰ ਕੀਤੇ ਗਏ ਪਟਵਾਰੀ ਦਾ ਅਦਾਲਤ ਵੱਲੋਂ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ।

Basmati Rice Advertisment