
ਚੰਡੀਗੜ੍ਹ, 4 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਵਿਚ ਪਾਰਦਰਸ਼ੀ ਅਤੇ ਸਮਾਂਬੱਧ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਸ਼ੁਰੂ ਕੀਤੇ ਗਏ ਯਤਨਾਂ ਅਧੀਨ ਅੱਜ ਪੁਲੀਸ ਵਲੋਂ ਪਾਸਪੋਰਟ ਵੈਰੀਫਿਕੇਸ਼ਨ ਲਈ ਅਧੁਨਿਕ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ। ਇਸ ਨਵੀਂ ਪ੍ਰਣਾਲੀ ਰਾਹੀਂ ਨਾਗਰਿਕਾਂ ਨੂੰ ਪ੍ਰੀਵੈਰੀਫਿਕੇਸ਼ਨ ਐਸ.ਐਮ.ਐਸ. ਦੀ ਸਹੂਲਤ ਮਿਲੇਗੀ ਅਤੇ ਪੋਸਟ ਵੈਰੀਫਿਕੇਸ਼ਨ ਐਸ.ਐਮ.ਐਸ ਰਾਹੀਂ ਬਿਨੈਕਾਰ ਆਪਣੀ ਫੀਡਬੈਕ ਵੀ ਦੇ ਸਕਦਾ ਹੈ।
ਅੱਜ ਇਥੇ ਪੰਜਾਬ ਪੁਲੀਸ ਦੇ ਸਪੈਸ਼ਲ ਡਾਇਰੇਕਟਰ ਜਨਰਲ ਆਫ ਪੁਲੀਸ (ਸਪੈਸ਼ਲ ਡੀਜੀਪੀ) ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਗੁਰਪ੍ਰੀਤ ਕੌਰ ਦਿਓ ਨੇ ਦੱਸਿਆ ਕਿ ਲੋਕਾਂ ਨੂੰ ਚੰਗੀਆਂ ਸੇਵਾਵਾਂ ਮੁਹਈਆ ਕਰਵਾਉਣ ਲਈ ਪੁਲੀਸ ਵਲੋਂ ਦਿਨ ਰਾਤ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ 5 ਫਰਵਰੀ 2025 ਤੋਂ ਪੰਜਾਬ ਪੁਲੀਸ ਵਲੋਂ ਪਾਸਪੋਰਟ ਵੈਰੀਫਿਕੇਸ਼ਨ ਸਬੰਧੀ ਪਾਸਪੋਰਟ ਵਾਲੇ ਬਿਨੈਕਾਰ ਨੂੰ ਪੀ ਬੀ ਸਾਂਝ ਤੋਂ ਇਕ ਮੈਸੇਜ਼ ਰਾਹੀਂ ਸੂਚਨਾ ਭੇਜੀ ਜਾਵੇਗੀ, ਜਿਸ ਵਿਚ ਤਸਦੀਕ ਕਰਨ ਵਾਲੇ ਅਧਿਕਾਰੀ ਦਾ ਨਾਮ ਅਤੇ ਮੁਲਾਕਾਤ ਦਾ ਸਮਾਂ ਤੇ ਮਿਤੀ ਦਾ ਵੇਰਵਾ ਦਿੱਤਾ ਗਿਆ ਹੋਵੇਗਾ। ਇਸ ਨਾਲ ਬਿਨੈਕਾਰ ਦੀ ਬੇਲੋੜੀ ਪ੍ਰਸ਼ਾਨੀ ਨਹੀਂ ਹੋਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਾਸਪੋਰਟ ਵੈਰੀਫਿਕੇਸ਼ਨ ਲਈ ਨਾਗਰਿਕਾਂ ਨੂੰ ਖੱਜਲ ਖੁਆਰ ਵੀ ਹੋਣਾ ਪੈਂਦਾ ਸੀ ਅਤੇ ਵਾਧੂ ਉਡੀਕ ਵੀ ਕਰਨੀ ਪੈਂਦੀ ਸੀ, ਕਿਉਂਕਿ ਵੈਰੀਫਿਕੇਸ਼ਨ ਕਰਨ ਵਾਲੇ ਪੁਲੀਸ ਅਧਿਕਾਰੀ ਨਾਲ ਸਮੇਂ ਸਿਰ ਰਾਬਤਾ ਨਹੀਂ ਹੋ ਸਕਦਾ ਸੀ।