Tuesday, December 3Malwa News
Shadow

ਨਵੇਂ ਚੁਣੇ ਪੰਚ ਪਿੰਡਾਂ ਵਿਚ ਨਸ਼ੇ ਦਾ ਖਾਤਮਾ ਕਰਨ ਲਈ ਹੰਭਲਾ ਮਾਰਨ : ਬੈਂਸ

ਰੂਪਨਗਰ, 19 ਨਵੰਬਰ : ਪੰਜਾਬ ਦੇ ਲੋਕ ਸੰਪਰਕ, ਸਕੂਲੀ ਸਿੱਖਿਆ ਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਵੀਆਂ ਚੁਣੀਆਂ ਪੰਚਾਇਤਾਂ ਨੂੰ ਜੋਰ ਦੇ ਕੇ ਕਿਹਾ ਕਿ ਪਿੰਡਾਂ ਵਿਚ ਸਾਫ ਸੁਥਰਾ ਵਾਤਾਵਰਣ ਸਿਰਜਣ ਅਤੇ ਪਿੰਡਾਂ ਨੂੰ ਹਰਿਆ ਭਰਿਆ ਪ੍ਰਦੂਸ਼ਣ ਮੁਕਤ ਕਰਨ ਲਈ ਵਾਹ ਲਾਈ ਜਾਵੇ।
ਅੱਜ ਰੋਪੜ ਵਿਖੇ ਨਵੇਂ ਚੁਣੇ ਗਏ ਪੰਚਾਂ ਨੂੰ ਸਹੁੰ ਚੁਕਾਉਣ ਲਈ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਪੰਚਾਇਤਾਂ ਨੂੰ ਲੋਕਤੰਤਰ ਦਾ ਥੰਮ ਕਿਹਾ ਜਾਂਦਾ ਹੈ। ਪੰਚਾਇਤਾਂ ਕੋਲ ਬਹੁਤ ਵੱਡੀ ਸ਼ਕਤੀ ਹੁੰਦੀ ਹੈ, ਜੋ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਲੋਕ ਅਜੇ ਤੱਕ ਵੀ ਪੰਚਾਇਤਾਂ ਦੇ ਹਰ ਫੈਸਲੇ ਨੂੰ ਪੂਰੇ ਸਤਿਕਾਰ ਨਾਲ ਮੰਨਦੇ ਹਨ। ਇਸ ਲਈ ਪੰਚਾਇਤਾਂ ਦਾ ਫਰਜ਼ ਬਣਦਾ ਹੈ ਕਿ ਉਹ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨ। ਉਨ੍ਹਾਂ ਨੇ ਨਵੇਂ ਚੁਣੇ ਪੰਚਾਂ ਨੂੰ ਕਿਹਾ ਕਿ ਉਨ੍ਹਾਂ ਕੋਲ ਬਹੁਤ ਵੱਡੀ ਸ਼ਕਤੀ ਹੈ। ਇਸ ਲਈ ਉਨ੍ਹਾਂ ਨੂੰ ਹੁਣੇ ਤੋਂ ਹੀ ਆਪਣੇ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਨਾਲ ਨਾਲ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਯਤਨ ਸ਼ੁਰੂ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਖਾਤਮਾ ਕਰਨ ਲਈ ਨਵੇਂ ਚੁਣੇ ਪੰਚ ਆਪਣਾ ਵੱਡਾ ਯੋਗਦਾਨ ਪਾ ਸਕਦੇ ਨੇ। ਉਨ੍ਹਾਂ ਨੇ ਪੰਚਾਂ ਨੂੰ ਅਪੀਲ ਕੀਤੀ ਕਿ ਪਿੰਡਾਂ ਵਿਚੋਂ ਨਸ਼ਿਆਂ ਦਾ ਖਾਤਮਾ ਕਰਕੇ ਜਵਾਨੀ ਨੂੰ ਨਵੀਂ ਦਿਸ਼ਾ ਦੇਣ ਦੇ ਯਤਨ ਕੀਤੇ ਜਾਣ। ਇਸ ਸਮਾਗਮ ਵਿਚ ਜਿਲੇ ਦੇ ਸਾਰੇ ਅਧਿਕਾਰੀ ਵੀ ਸ਼ਾਮਲ ਹੋਏ। ਇਸ ਮੌਕੇ ਜਿਲਾ ਰੂਪਨਗਰ ਦੇ ਸਾਰੇ ਹੀ ਨਵੇਂ ਚੁਣੇ ਗਏ ਪੰਚਾਂ ਨੂੰ ਆਹੁਦੇ ਦੀ ਸਹੁੰ ਚੁਕਾਈ ਗਈ।