Saturday, January 25Malwa News
Shadow

ਕੁੜੀ ਨੂੰ ਮਿਲਣ ਦੇ ਚੱਕਰ ਵਿਚ ਹੀ ਖੁੱਸ ਗਈ ਸਰਪੰਚੀ

ਅਬੋਹਰ 8 ਅਕਤੂਬਰ : ਇਸ ਵਾਰ ਪੰਚਾਇਤ ਚੋਣਾ ਦੌਰਾਨ ਕਾਗਜ ਦਾਖਲ ਕਰਨ ਤੋਂ ਪਹਿਲਾਂ ਲੜਾਈ ਝਗੜੇ ਤਾਂ ਹੁੰਦੇ ਹੀ ਰਹੇ, ਪਰ ਇਸ ਦੌਰਾਨ ਇਕ ਬਹੁਤ ਦਿਲਚਸਪ ਘਟਨਾਂ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਸੀਂ ਜਰੂਰ ਹੈਰਾਨ ਹੋਵੋਗੇ। ਇਹ ਘਟਨਾਂ ਅਬੋਹਰ ਨੇੜੇ ਦੇ ਪਿੰਡ ਬਸਤੀ ਸ਼ਾਮ ਸਿੰਘ ਵਾਲੀ ਦੀ ਹੈ, ਜਦੋਂ ਇਕ ਵਿਅਕਤੀ ਨੂੰ ਸਰਪੰਚੀ ਦੀ ਚੋਣ ਲਈ ਕਾਗਜ ਦਾਖਲ ਕਰਨ ਤੋਂ ਰੋਕਣ ਲਈ ਉਸਦੇ ਵਿਰੋਧੀਆਂ ਨੇ ਵੱਖਰੀ ਤਰਾਂ ਦਾ ਹੀ ਡਰਾਮਾ ਖੇਡਿਆ। ਉਨ੍ਹਾਂ ਨੇ ਇਕ ਔਰਤ ਪਾਸੋਂ ਸਰਪੰਚੀ ਦੇ ਦਾਅਵੇਦਾਰ ਨੂੰ ਫੋਨ ਕਰਵਾਇਆ। ਔਰਤ ਨੇ ਪਿਆਰ ਨਾਲ ਫੋਨ ਕਰਕੇ ਸਰਪੰਚੀ ਦੇ ਉਮੀਦਵਾਰ ਨੂੰ ਮਿਲਣ ਦੀ ਇੱਛਾ ਜਾਹਿਰ ਕੀਤੀ। ਫੇਰ ਕੀ ਸੀ ਸਰਪੰਚੀ ਦੇ ਉਮੀਦਵਾਰ ਸਾਹਿਬ ਚੱਲ ਪਏ ਔਰਤ ਨੂੰ ਮਿਲਣ। ਜਦੋਂ ਉਮੀਦਵਾਰ ਸਾਹਿਬ ਉਥੇ ਪਹੁੰਚੇ ਤਾਂ ੳਥੇ ਪਹਿਲਾਂ ਹੀ ਪਲੈਨਿੰਗ ਤਹਿਤ ਖੜ੍ਹੇ ਉਸਦੇ ਵਿਰੋਧੀਆਂ ਨੇ ਉਸ ਨੂੰ ਅਗਵਾ ਕਰ ਲਿਆ। ਸ਼ਾਮ ਨੂੰ ਜਦੋਂ ਕਾਗਜ ਭਰਨ ਦਾ ਸਮਾਂ ਲੰਘ ਗਿਆ ਤਾਂ ਉਸ ਨੂੰ ਛੱਡ ਦਿੱਤਾ ਗਿਆ। ਇਸ ਕਾਰਨ ਇਹ ਉਮੀਦਵਾਰ ਸਰਪੰਚੀ ਦੇ ਕਾਗਜ ਦਾਖਲ ਕਰਨ ਤੋਂ ਵਾਂਝਾ ਰਹਿ ਗਿਆ। ਹੁਣ ਇਸ ਸਬੰਧੀ ਫਾਜ਼ਿਲਕਾ ਜ਼ਿਲ੍ਹੇ ਦੇ ਅਮੀਰਖਾਸ ਥਾਣੇ ਵਿੱਚ ਐਤਵਾਰ ਨੂੰ ਕੇਸ ਦਰਜ ਕੀਤਾ ਗਿਆ ਹੈ।
ਜਿਲਾ ਫਾਜਿਲਕਾ ਵਿਚ ਅਬੋਹਰ ਨੇੜੇ ਦੇ ਪਿੰਡ ਬਸਤੀ ਸ਼ਾਮ ਸਿੰਘ ਵਾਲੀ ਦੇ ਵਾਸੀ ਬੂਟਾ ਸਿੰਘ ਨੇ ਪੁਲੀਸ ਕੋਲ ਸ਼ਿਕਾਇਤ ਕਰਕੇ ਸਾਰੀ ਕਹਾਣੀ ਦੱਸੀ। ਉਸ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੇ ਚਚੇਰੇ ਭਰਾ ਸੁਖਜੀਤ ਸਿੰਘ ਨੂੰ 4 ਅਕਤੂਬਰ ਨੂੰ ਗੁਰਦੁਆਰੇ ਨੇੜੇ ਉਸ ਵੇਲੇ ਰੋਕ ਲਿਆ ਗਿਆ ਜਦੋਂ ਉਹ ਕੁਲਦੀਪ ਕੌਰ ਨੂੰ ਫੋਨ ਕਰਕੇ ਮਿਲਣ ਜਾ ਰਹੇ ਸਨ। ਨਾਮਜ਼ਦਗੀ ਭਰਨ ਦਾ ਨਿਰਧਾਰਿਤ ਸਮਾਂ ਪੂਰਾ ਹੋਣ ‘ਤੇ ਬਦਮਾਸ਼ ਤਿੰਨ ਗੱਡੀਆਂ ‘ਚੋਂ ਬਾਹਰ ਆਏ, ਉਨ੍ਹਾਂ ਦੀ ਕੁੱਟਮਾਰ ਕੀਤੀ, ਅਗਵਾ ਕਰ ਕੇ ਫ਼ਰਾਰ ਹੋ ਗਏ।
ਪੁਲਿਸ ਨੇ ਦੱਸਿਆ ਕਿ ਬੀਐਨਐਸ ਦੀ ਧਾਰਾ 140 (3), 115, 351, 191 (3) ਅਤੇ 190 ਅਤੇ ਆਰਮਜ਼ ਐਕਟ ਦੀ 25, 27 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਦੀ ਪਛਾਣ ਕੁਲਦੀਪ ਕੌਰ, ਰਾਜ ਕੌਰ, ਗੁਰਕੀਰਤ ਸਿੰਘ ਅਤੇ ਜਗੀਰ ਸਿੰਘ ਤੋਂ ਇਲਾਵਾ 9 ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ। ਇਨ੍ਹਾਂ ਵਿੱਚੋਂ ਜਗੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Punjab Govt Add Zero Bijli Bill English 300x250