Sunday, June 14Malwa News
Shadow

ਪਿੰਡ ਕੁੱਬੇ ਨਵਾਂ ਮੋਘਾ ਲਾਇਆ, ਢਾਈ ਸੌ ਏਕੜ ਰਕਬੇ ਨੂੰ ਮਿਲੇਗਾ ਨਹਿਰੀ ਪਾਣੀ: ਵਿਧਾਇਕ ਉੱਗੋਕੇ

ਤਪਾ/ ਭਦੌੜ, 14 ਜੂਨ-   ਵਿਧਾਇਕ ਹਲਕਾ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਪਿੰਡ ਕੁੱਬੇ ਵਿਚ ਨਵੇਂ ਮੋਘੇ ਦਾ ਉਦਘਾਟਨ ਕੀਤਾ।

ਇਸ ਮੌਕੇ ਉਨ੍ਹਾਂ ਕਿਹਾ ਕਿ ਨਵੇਂ ਮੋਘੇ ਨਾਲ ਪਿੰਡ ਕੁੱਬੇ ਨੇੜਲੇ ਕਰੀਬ ਢਾਈ ਸੌ ਏਕੜ ਰਕਬੇ ਨੂੰ ਪਹਿਲੀ ਵਾਰੀ ਨਹਿਰੀ ਪਾਣੀ ਮਿਲੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਅਤੇ ਹਲਕੇ ਦੇ ਵੱਡੀ ਗਿਣਤੀ ਪਿੰਡਾਂ ਵਿਚ ਨਹਿਰੀ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਨਾਲ ਸੈਂਕੜੇ ਏਕੜ ਰਕਬੇ ਨੂੰ ਨਹਿਰੀ ਪਾਣੀ ਨਸੀਬ ਹੋਇਆ ਹੈ।

ਇਸ ਮੌਕੇ ਉਹਨਾਂ ਕਿਹਾ ਕਿ ਨਹਿਰੀ ਪਾਣੀ ਖੇਤ ਖੇਤ ਪੁੱਜਦਾ ਕਰਨ ਲਈ ਪਹਿਲੀ ਵਾਰ ਕਿਸੇ ਸਰਕਾਰ ਨੇ ਇੰਨੇ ਉਪਰਾਲੇ ਕੀਤੇ ਹਨ। ਉਨ੍ਹਾਂ ਇਲਾਕੇ ਦੇ ਕਿਸਾਨਾਂ ਵਲੋਂ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਕਰੋੜਾਂ ਰੁਪਏ ਜਲ ਸਰੋਤ ਮਹਿਕਮੇ ਨੂੰ ਜਾਰੀ ਕੀਤੇ ਹਨ ਜਿਸ ਨਾਲ ਜਿੱਥੇ ਖਾਲ/ਕੱਸੀਆਂ ਦਾ ਕੰਮ ਹੋਇਆ, ਓਥੇ ਜ਼ਮੀਨਦੋਜ਼ ਪਾਈਪਾਂ ਲੱਗੀਆਂ ਅਤੇ ਨਵੇਂ ਮੋਘੇ ਲਾਏ ਗਏ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸਰਕਾਰ ਆਉਣ ਮਗਰੋਂ ਪਹਿਲੀ ਵਾਰ ਟੇਲਾਂ ‘ਤੇ ਪਾਣੀ ਪੁੱਜਿਆ ਤੇ ਉਨ੍ਹਾਂ ਕਿਸਾਨਾਂ ਨੂੰ ਧਰਤੀ ਹੇਠਲੇ ਪਾਣੀ ਦੀ ਲੋੜ ਨਹੀਂ ਪਈ। 

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭਦੌੜ ਅੰਮ੍ਰਿਤ ਢਿੱਲਵਾਂ, ਪਾਰਟੀ ਆਗੂ, ਪਿੰਡ ਦੇ ਪੰਚਾਇਤ ਮੈਂਬਰ ਤੇ ਮੋਹਤਬਰ ਮੌਜੂਦ ਸਨ।