Wednesday, July 8Malwa News
Shadow

ਕੁਦਰਤੀ ਖੇਤੀ ਵਿਕਸਤ ਭਾਰਤ ਦਾ ਸਭ ਤੋਂ ਮਜ਼ਬੂਤ ਥੰਮ੍ਹ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 8 ਜੁਲਾਈ- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸੂਬੇ ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਕਰਨ ਦੇ ਉਦੇਸ਼ ਨਾਲ ਅੱਜ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ‘ਪ੍ਰਕ੍ਰਿਤੀ ਸ਼੍ਰੀ ਅੰਨ ਪ੍ਰੇਰਕ ਕਿਸਾਨ ਕਮੇਟੀ’ ਬਣਾਈ ਜਾਵੇਗੀ, ਇਹ ਕਮੇਟੀ ਹਰ ਜ਼ਿਲ੍ਹੇ ਵਿੱਚ ਹੋਵੇਗੀ। ਇਸ ਕਮੇਟੀ ਦਾ ਮੁੱਖ ਕੰਮ ਕਿਸਾਨਾਂ ਨਾਲ ਸੰਪਰਕ ਕਰਨਾ, ਉਨ੍ਹਾਂ ਦੇ ਖੇਤਾਂ ਵਿੱਚ ਜਾਣਾ ਅਤੇ ਸਰਕਾਰ ਨਾਲ ਤਾਲਮੇਲ ਕਰਕੇ ਉਨ੍ਹਾਂ ਨੂੰ ਕੁਦਰਤੀ ਖੇਤੀ ਨਾਲ ਜੋੜਨਾ ਹੋਵੇਗਾ। ਇਹ ਇੱਕ ਤਰ੍ਹਾਂ ਨਾਲ ਕੁਦਰਤੀ ਖੇਤੀ ਦੇ ਪ੍ਰੇਰਕ ‘ਐਂਬੈਸਡਰ’ ਹੋਣਗੇ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਬੁੱਧਵਾਰ ਨੂੰ ਪੰਚਕੂਲਾ ਵਿੱਚ ਹਰਿਆਣਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਆਯੋਜਿਤ ‘ਕੁਦਰਤੀ ਖੇਤੀ ਸੰਵਾਦ’ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਸਾਨਾਂ ਨਾਲ ਗੱਲਬਾਤ ਵੀ ਕੀਤੀ। ਮੁੱਖ ਮੰਤਰੀ ਨੇ ਕਿਸਾਨਾਂ ਤੋਂ ਮਿਲੇ ਸੁਝਾਵਾਂ ਨੂੰ ਜਲਦੀ ਪੂਰਾ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦਾ ਭਰੋਸਾ ਵੀ ਦਿੱਤਾ। ਨਾਲ ਹੀ, ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਜਿਨ੍ਹਾਂ ਕਿਸਾਨਾਂ ਨੇ ਕੁਦਰਤੀ ਖੇਤੀ ਲਈ ਗਾਂ ਖਰੀਦਣ ਵਾਸਤੇ ਸਬਸਿਡੀ ਲਈ ਅਰਜ਼ੀ ਦਿੱਤੀ ਹੈ, ਉਨ੍ਹਾਂ ਨੂੰ ਸਬਸਿਡੀ ਜਾਰੀ ਕੀਤੀ ਜਾਵੇ।

ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੁਦਰਤੀ ਖੇਤੀ ਸਿਰਫ਼ ਖੇਤੀ ਕਰਨ ਦਾ ਢੰਗ ਨਹੀਂ, ਸਗੋਂ ਕਿਸਾਨ, ਕੁਦਰਤ ਅਤੇ ਸਮਾਜ ਵਿਚਕਾਰ ਟੁੱਟੇ ਹੋਏ ਸਬੰਧਾਂ ਨੂੰ ਮੁੜ ਮਜ਼ਬੂਤ ਕਰਨ ਦੀ ਮੁਹਿੰਮ ਹੈ। ਇਹ ਧਰਤੀ ਮਾਤਾ ਦੀ ਸੇਵਾ, ਖੇਤੀ ਦੀ ਲਾਗਤ ਘਟਾਉਣ, ਪਾਣੀ ਅਤੇ ਮਿੱਟੀ ਦੀ ਸੰਭਾਲ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਦਾ ਸਰੋਤ ਹੈ। ਉਨ੍ਹਾਂ ਕਿਸਾਨਾਂ ਨੂੰ ਕੁਦਰਤੀ ਖੇਤੀ ਦੇ ਬ੍ਰਾਂਡ ਐਂਬੈਸਡਰ ਬਣਨ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਸਿਰਫ਼ ਸੋਚਣ ਦਾ ਨਹੀਂ, ਸਗੋਂ ਅਮਲ ਕਰਨ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨ ਦਾ ਸਮਾਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਮੇਂ-ਸਮੇਂ ‘ਤੇ ਕਿਸਾਨਾਂ ਨਾਲ ਸਿੱਧਾ ਸੰਵਾਦ ਕਰੇਗੀ ਅਤੇ ਕੁਦਰਤੀ ਖੇਤੀ ਦੀ ਇਸ ਮੁਹਿੰਮ ਨੂੰ ਜਨ-ਜਨ ਤੱਕ ਪਹੁੰਚਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕੁਦਰਤੀ ਖੇਤੀ ‘ਤੇ ਹਰ ਮਹੀਨੇ ਅਜਿਹੇ ਸੰਵਾਦ ਪ੍ਰੋਗਰਾਮ ਆਯੋਜਿਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਵੱਡੇ ਸੈਮੀਨਾਰਾਂ ਵਿੱਚ ਗੁਜਰਾਤ ਦੇ ਰਾਜਪਾਲ ਆਚਾਰੀਆ ਸ੍ਰੀ ਦੇਵਵ੍ਰਤ ਨੂੰ ਵੀ ਸੱਦਾ ਦਿੱਤਾ ਜਾਵੇਗਾ ਤਾਂ ਜੋ ਕਿਸਾਨ ਉਨ੍ਹਾਂ ਦੇ ਤਜ਼ਰਬਿਆਂ ਤੋਂ ਲਾਭ ਚੁੱਕ ਸਕਣ।

ਉਨ੍ਹਾਂ ਕਿਹਾ ਕਿ ਅੱਜ ਦਾ ਸੈਮੀਨਾਰ ਸਿਰਫ਼ ਕੁਦਰਤੀ ਖੇਤੀ ਦੀ ਤਕਨੀਕ ਸਿੱਖਣ ਦਾ ਮੌਕਾ ਨਹੀਂ ਹੈ, ਸਗੋਂ ਕਿਸਾਨ ਅਤੇ ਕੁਦਰਤ ਵਿਚਕਾਰ ਸਦੀਆਂ ਪੁਰਾਣੇ ਅਟੁੱਟ ਰਿਸ਼ਤੇ ਨੂੰ ਮੁੜ ਮਜ਼ਬੂਤ ਕਰਨ ਦੀ ਮੁਹਿੰਮ ਹੈ। ਪਹਿਲਾਂ ਖੇਤੀ ਦਾ ਸਬੰਧ ਧਰਤੀ ਮਾਤਾ ਅਤੇ ਗਊ ਮਾਤਾ ਨਾਲ ਸੀ। ਇਹ ਰਿਸ਼ਤਾ ਹੀ ਕਿਸਾਨ ਦੇ ਜੀਵਨ ਵਿੱਚ ਖੁਸ਼ਹਾਲੀ ਲੈ ਕੇ ਆਉਂਦਾ ਸੀ, ਪਰ ਸਮੇਂ ਦੇ ਨਾਲ ਇਹ ਰਿਸ਼ਤਾ ਕਮਜ਼ੋਰ ਹੋਇਆ ਅਤੇ ਅੱਜ ਕੁਦਰਤੀ ਆਫ਼ਤਾਂ ਅਤੇ ਵਾਤਾਵਰਣ ਸੰਕਟ ਸਾਡੇ ਸਾਹਮਣੇ ਵੱਡੀ ਚੁਣੌਤੀ ਬਣ ਕੇ ਖੜ੍ਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਮਨੁੱਖ ਨੇ ਵਿਕਾਸ ਤਾਂ ਕੀਤਾ ਹੈ, ਪਰ ਕਿਤੇ ਨਾ ਕਿਤੇ ਧਰਤੀ ਦੀ ਬਹੁਤ ਵੱਧ ਦੁਰਵਰਤੋਂ ਵੀ ਕੀਤੀ ਹੈ। ਅੱਜ ਸੁਆਲ ਇਹ ਨਹੀਂ ਹੈ ਕਿ ਖਾਦਾਂ ਅਤੇ ਕੀਟਨਾਸ਼ਕਾਂ ਦੀ ਕਮੀ ਹੈ, ਸਗੋਂ ਇਹ ਹੈ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਲਈ ਕਿਹੋ ਜਿਹੀ ਧਰਤੀ ਅਤੇ ਕਿਹੋ ਜਿਹਾ ਵਾਤਾਵਰਣ ਛੱਡ ਕੇ ਜਾ ਰਹੇ ਹਾਂ। ਸਾਡੇ ਪੁਰਖੇ ਸਾਨੂੰ ਭਰਪੂਰ ਧਰਤੀ ਹੇਠਲਾ ਪਾਣੀ ਅਤੇ ਉਪਜਾਊ ਮਿੱਟੀ ਦੇ ਕੇ ਗਏ ਸਨ, ਪਰ ਅੱਜ ਕਈ ਖੇਤਰਾਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸੀਜ਼ਨ ਵਿੱਚ 20 ਤੋਂ 25 ਫੁੱਟ ਤੱਕ ਹੇਠਾਂ ਜਾ ਰਿਹਾ ਹੈ। ਇਸ ‘ਤੇ ਗੰਭੀਰਤਾ ਨਾਲ ਵਿਚਾਰ ਕਰਨ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਪਹਿਲਾਂ ਮਜ਼ਦੂਰ ਮੰਡੀਆਂ ਵਿੱਚ ਅਨਾਜ ਦੀਆਂ ਭਾਰੀ ਬੋਰੀਆਂ ਆਸਾਨੀ ਨਾਲ ਚੁੱਕ ਲੈਂਦੇ ਸਨ, ਪਰ ਅੱਜ ਬਦਲਦੀ ਜੀਵਨ ਸ਼ੈਲੀ, ਰਸਾਇਣਕ ਖੇਤੀ ਅਤੇ ਕੁਦਰਤੀ ਅਸੰਤੁਲਨ ਕਾਰਨ ਸਾਰਿਆਂ ਦੀ ਸਿਹਤ ‘ਤੇ ਵੀ ਮਾੜਾ ਪ੍ਰਭਾਵ ਪਿਆ ਹੈ। ਇਸ ਲਈ ਖੇਤੀ ਦੀ ਦਿਸ਼ਾ ਬਦਲਣਾ ਸਮੇਂ ਦੀ ਲੋੜ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਸਪੱਸ਼ਟ ਵਿਜ਼ਨ ਹੈ ਕਿ ਕੁਦਰਤੀ ਖੇਤੀ 21ਵੀਂ ਸਦੀ ਦੀ ਲੋੜ ਹੈ। ਇਹ ਸਿਰਫ਼ ਖੇਤੀ ਦੀ ਨਵੀਂ ਪੱਧਤੀ ਨਹੀਂ, ਸਗੋਂ ਧਰਤੀ ਨੂੰ ਬਚਾਉਣ ਦੀ ਮੁਹਿੰਮ ਹੈ। ਇਹ ਕਿਸਾਨਾਂ ਦੀ ਲਾਗਤ ਘਟਾਉਣ, ਵਾਤਾਵਰਣ ਸਰੰਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖੁਸ਼ਹਾਲ ਭਾਰਤ ਬਣਾਉਣ ਦਾ ਸਰੋਤ ਹੈ। ਭਾਰਤੀ ਸੰਸਕ੍ਰਿਤੀ ਵਿੱਚ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਗਿਆ ਹੈ ਅਤੇ ਉਸਦੀ ਸੇਵਾ ਕਰਨਾ ਸਾਡਾ ਸਾਰਿਆਂ ਦਾ ਫਰਜ਼ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੁਦਰਤੀ ਖੇਤੀ ਦੇ ਐਂਬੈਸਡਰ ਬਣ ਕੇ ਪਿੰਡ-ਪਿੰਡ ਲੋਕਾਂ ਨੂੰ ਇਸਦੇ ਫਾਇਦੇ ਦੱਸਣ। ਉਨ੍ਹਾਂ ਕਿਹਾ ਕਿ ਸਿਰਫ਼ ਚਰਚਾ ਕਰਨ ਨਾਲ ਕੰਮ ਨਹੀਂ ਚੱਲੇਗਾ, ਸਗੋਂ ਖੁਦ ਵੀ ਕੁਦਰਤੀ ਖੇਤੀ ਅਪਣਾਉਣੀ ਪਵੇਗੀ ਅਤੇ ਦੂਜਿਆਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਕਲੀ ਬੀਜ ਅਤੇ ਦਵਾਈਆਂ ਨਾ ਮਿਲਣ, ਇਸ ਨੂੰ ਰੋਕਣ ਲਈ ਸੂਬਾ ਸਰਕਾਰ ਨੇ ਵਿਧਾਨਸਭਾ ਵਿੱਚ ਸਖ਼ਤ ਕਾਨੂੰਨ ਬਣਾਇਆ ਹੈ। ਹੁਣ ਜੇਕਰ ਕੋਈ ਕਿਸਾਨ ਨੂੰ ਨਕਲੀ ਬੀਜ ਵੇਚਦਾ ਫੜਿਆ ਜਾਂਦਾ ਹੈ ਤਾਂ ਉਸਨੂੰ ਪੰਜ ਸਾਲ ਤੱਕ ਦੀ ਸਜ਼ਾ ਦਾ ਪ੍ਰਾਵਾਧਾਨ ਕੀਤਾ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦੇਸ਼ ਭਰ ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਨ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਹਰਿਆਣਾ ਸਰਕਾਰ ਨੇ ਵੀ ਕਿਸਾਨਾਂ ਤੋਂ ਸੁਝਾਅ ਲੈ ਕੇ ਤਿਆਰ ਕੀਤੇ ਗਏ ਰਾਜ ਦੇ ਬਜਟ ਵਿੱਚ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਵਿਸ਼ੇਸ਼ ਪ੍ਰਾਵਧਾਨ ਕੀਤਾ ਹੈ।

ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਅਪਣਾਉਣ ਵਾਲੇ ਕਿਸਾਨਾਂ ਦੀ ਉਪਜ ਦੀ ਵਿਕਰੀ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸਰਕਾਰ ਨੇ ਪਹਿਲਾਂ ਹੀ ਐਲਾਨ ਕੀਤਾ ਹੈ ਕਿ ਕੁਦਰਤੀ ਖੇਤੀ ਤੋਂ ਤਿਆਰ ਉਪਜ ਲਈ ਮੰਡੀਆਂ ਵਿੱਚ ਵੱਖਰਾ ਸਥਾਨ ਉਪਲਬਧ ਕਰਾਇਆ ਜਾਵੇਗਾ ਅਤੇ ਹੈਫੇਡ ਇਸਦੀ ਖਰੀਦ ਕਰੇਗਾ। ਇਸਦੀ ਵਿਵਸਥਾ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਖੇਤਰਵਾਰ ਬਾਗਬਾਨੀ ਨੂੰ ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ। ਗੰਨੌਰ ਮੰਡੀ ਵਿੱਚ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਵੱਖਰਾ ਸ਼ੈਡ ਬਣਾਇਆ ਗਿਆ ਹੈ ਅਤੇ ਰਾਜ ਵਿੱਚ ਚਾਰ ‘ਸੈਂਟਰ ਆਫ਼ ਐਕਸੀਲੈਂਸ’ ਸਥਾਪਿਤ ਕੀਤੇ ਗਏ ਹਨ, ਜਿੱਥੇ ਆਧੁਨਿਕ ਬਾਗਬਾਨੀ ਅਤੇ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਕਲਾਈਮੇਟ ਬਦਲਾਅ ਦੀ ਚੁਣੌਤੀ ਦਾ ਸਾਹਮਣਾ ਕਰ ਰਹੀ ਹੈ। ਮਿੱਟੀ ਦੀ ਉਪਜਾਊ ਸ਼ਕਤੀ ਲਗਾਤਾਰ ਘਟ ਰਹੀ ਹੈ ਅਤੇ ਖੇਤੀ ਦੀ ਲਾਗਤ ਵਧ ਰਹੀ ਹੈ। ਇਸ ਲਈ ਖੇਤੀਬਾੜੀ ਵਿਗਿਆਨੀਆਂ ਨੂੰ ਦੇਸੀ ਅਤੇ ਗੁਣਵੱਤਾ ਭਰਪੂਰ ਬੀਜ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਦੁਨੀਆ ਦੇ ਕਈ ਵਿਕਸਤ ਦੇਸ਼ ਹੁਣ ਰਸਾਇਣਕ ਖੇਤੀ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਦੋਂ ਕਿ ਭਾਰਤ ਕੋਲ ਰਿਸ਼ੀ-ਮੁਨੀਆਂ ਦੀ ਪਰੰਪਰਾ, ਕਿਸਾਨਾਂ ਦਾ ਤਜ਼ਰਬਾ ਅਤੇ ਕੁਦਰਤੀ ਖੇਤੀ ਦਾ ਖੁਸ਼ਹਾਲ ਗਿਆਨ ਪਹਿਲਾਂ ਤੋਂ ਮੌਜੂਦ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ‘ਵਿਕਸਿਤ ਭਾਰਤ’ ਦੇ ਸੰਕਲਪ ਨੂੰ ਸਾਕਾਰ ਕਰਨ ਵਿੱਚ ਕੁਦਰਤੀ ਖੇਤੀ ਸਭ ਤੋਂ ਮਜ਼ਬੂਤ ਥੰਮ੍ਹ ਸਾਬਤ ਹੋਵੇਗੀ। ਇਸ ਲਈ ਸਰਕਾਰ ਅਤੇ ਕਿਸਾਨਾਂ ਨੂੰ ਮਿਲ ਕੇ ਜਨ ਅੰਦੋਲਨ ਵਜੋ ਇਸ ਮੁਹਿੰਮ ਨੂੰ ਅੱਗੇ ਵਧਾਉਣਾ ਹੋਵੇਗਾ।

ਕੁਦਰਤੀ ਖੇਤੀ ਕਿਸਾਨਾਂ ਨੂੰ ਬਣਾਏਗੀ ਆਤਮ-ਨਿਰਭਰ ਅਤੇ ਕਰਜ਼ਮੁਕਤ- ਸ਼ਿਆਮ ਸਿੰਘ ਰਾਣਾ

ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਕੁਦਰਤੀ ਖੇਤੀ ਕਿਸਾਨਾਂ ਨੂੰ ਕਰਜ਼ਮੁਕਤ, ਆਤਮ-ਨਿਰਭਰ ਅਤੇ ਖੁਸ਼ਹਾਲ ਬਣਾਉਣ ਦਾ ਪ੍ਰਭਾਵੀ ਸਾਧਨ ਹੈ, ਜਦੋਂ ਕਿ ਰਸਾਇਣਕ ਖੇਤੀ ਕਿਸਾਨਾਂ ਦੀ ਲਾਗਤ ਵਧਾ ਕੇ ਉਨ੍ਹਾਂ ਨੂੰ ਕਰਜ਼ੇ ਵੱਲ ਧੱਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਸਰਵਉੱਚ ਤਰਜੀਹ ਦਿੰਦਿਆਂ ਕੁਦਰਤੀ ਖੇਤੀ ਨੂੰ ਵਿਆਪਕ ਪੱਧਰ ‘ਤੇ ਪ੍ਰੋਤਸਾਹਿਤ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਲਾਗੂ ਕੀਤੀ ਜਾਣ ਵਾਲੀ ਹਰ ਯੋਜਨਾ ਅਤੇ ਨੀਤੀ ਜਨ-ਭਲਾਈ ਨੂੰ ਕੇਂਦਰ ਵਿੱਚ ਰੱਖ ਕੇ ਤਿਆਰ ਕੀਤੀ ਜਾਂਦੀ ਹੈ। ਨਵੀਂ ਪਹਿਲਕਦਮੀ ਦਾ ਸ਼ੁਰੂਆਤੀ ਪੱਧਰ ‘ਤੇ ਵਿਰੋਧ ਹੋਣਾ ਸੁਭਾਵਿਕ ਹੈ, ਪਰ ਕਿਸਾਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਦਾ ਉਦੇਸ਼ ਉਨ੍ਹਾਂ ਦੀ ਆਮਦਨ ਵਧਾਉਣਾ, ਖੇਤੀ ਦੀ ਲਾਗਤ ਘਟਾਉਣਾ ਅਤੇ ਖੇਤੀਬਾੜੀ ਨੂੰ ਲੰਬੇ ਸਮੇਂ ਲਈ ਟਿਕਾਊ ਬਣਾਉਣਾ ਹੈ।

ਸ੍ਰੀ ਰਾਣਾ ਨੇ ਕਿਹਾ ਕਿ ਰਸਾਇਣਕ ਖੇਤੀ ਵਿੱਚ ਕਿਸਾਨਾਂ ਦੀ ਕਮਾਈ ਦਾ ਵੱਡਾ ਹਿੱਸਾ ਖਾਦਾਂ, ਕੀਟਨਾਸ਼ਕਾਂ ਅਤੇ ਹੋਰ ਖੇਤੀ ਰਸਾਇਣ ਬਣਾਉਣ ਵਾਲੀਆਂ ਕੰਪਨੀਆਂ ਕੋਲ ਚਲਾ ਜਾਂਦਾ ਹੈ। ਇਸਦੇ ਉਲਟ ਕੁਦਰਤੀ ਖੇਤੀ ਵਿੱਚ ਬਾਹਰੀ ਸਾਧਨਾਂ ‘ਤੇ ਨਿਰਭਰਤਾ ਘੱਟ ਹੋਣ ਨਾਲ ਖੇਤੀ ਦੀ ਲਾਗਤ ਘਟਦੀ ਹੈ ਅਤੇ ਕਿਸਾਨ ਆਰਥਿਕ ਤੌਰ ‘ਤੇ ਮਜ਼ਬੂਤ ਬਣਦਾ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਵਿੱਚ ਰਸਾਇਣਕ, ਜੈਵਿਕ ਅਤੇ ਕੁਦਰਤੀ ਖੇਤੀ ਦੀਆਂ ਤਿੰਨ ਪ੍ਰਮੁੱਖ ਪੱਧਤੀਆਂ ਪ੍ਰਚਲਿਤ ਹਨ। ਜੈਵਿਕ ਖੇਤੀ ਵਿੱਚ ਵਧੇਰੇ ਗਿਣਤੀ ਵਿੱਚ ਗੋਬਰ ਅਤੇ ਹੋਰ ਸਾਧਨਾਂ ਦੀ ਲੋੜ ਹੁੰਦੀ ਹੈ, ਜਦੋਂ ਕਿ ਕੁਦਰਤੀ ਖੇਤੀ ਘੱਟ ਲਾਗਤ ਵਾਲੀ, ਆਤਮ-ਨਿਰਭਰ ਅਤੇ ਵਾਤਾਵਰਣ ਅਨੁਕੂਲ ਖੇਤੀ ਪ੍ਰਣਾਲੀ ਹੈ। ਇਸੇ ਕਾਰਨ ਸੂਬਾ ਸਰਕਾਰ ਕੁਦਰਤੀ ਖੇਤੀ ਦੇ ਵਿਸਥਾਰ ਲਈ ਲਗਾਤਾਰ ਯਤਨ ਕਰ ਰਹੀ ਹੈ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਕੁਦਰਤੀ ਖੇਤੀ ਨੂੰ ਜਨ-ਅੰਦੋਲਨ ਬਣਾਉਣ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਕਿਹਾ ਕਿ ਵਾਤਾਵਰਣ ਸਰੰਖਣ, ਜ਼ਮੀਨ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਅਤੇ ਪੌਸ਼ਟਿਕ ਭੋਜਨ ਉਪਲਬਧ ਕਰਾਉਣ ਲਈ ਕੁਦਰਤੀ ਖੇਤੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ‘ਵਿਕਸਿਤ ਭਾਰਤ’ ਦੇ ਸੰਕਲਪ ਅਨੁਸਾਰ ਸਾਲ 2047 ਤੱਕ ਦੇਸ਼ ਵਿੱਚ ਕੁਦਰਤੀ ਖੇਤੀ ਦਾ ਦਾਇਰਾ 20 ਫੀਸਦੀ ਤੱਕ ਵਧਾਉਣ ਦਾ ਟੀਚਾ ਰੱਖਿਆ ਗਿਆ ਹੈ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੁਦਰਤੀ ਖੇਤੀ ਦੀ ਸ਼ੁਰੂਆਤ ਆਪਣੇ ਪਸ਼ੂਆਂ ਦੇ ਚਾਰੇ ਤੋਂ ਕਰਨ ਅਤੇ ਚਾਰੇ ਦੇ ਉਤਪਾਦਨ ਵਿੱਚ ਵੀ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਚਣ। ਉਨ੍ਹਾਂ ਕਿਹਾ, “ਮੈਂ ਖੁਦ ਇੱਕ ਕਿਸਾਨ ਹਾਂ ਅਤੇ ਖੇਤੀ ਨਾਲ ਜੁੜੀਆਂ ਚੁਣੌਤੀਆਂ ਅਤੇ ਕਿਸਾਨਾਂ ਦੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ।”

ਕੁਦਰਤੀ ਖੇਤੀ ਦਾ ਆਪਣਾ ਵਿਗਿਆਨਕ ਤੰਤਰ ਹੈਇਸਨੂੰ ਸਮਝਣਾ ਹਰ ਕਿਸਾਨ ਲਈ ਜ਼ਰੂਰੀ – ਧਰਮਪਾਲ ਯਾਦਵ

ਪ੍ਰੋਗਰਾਮ ਵਿੱਚ ਉੱਤਰ ਪ੍ਰਦੇਸ਼ ਦੇ ਅਗਾਂਹਵਧੂ ਕਿਸਾਨ ਸ੍ਰੀ ਧਰਮਪਾਲ ਯਾਦਵ ਨੇ ਕਿਹਾ ਕਿ ਖੇਤੀ ਕਰਨਾ ਅਤੇ ਖੇਤੀ ਨੂੰ ਸਮਝਣਾ, ਦੋਵੇਂ ਵੱਖ-ਵੱਖ ਗੱਲਾਂ ਹਨ। ਕੁਦਰਤ ਦੀ ਧਾਰਾ ਨੂੰ ਸਮਝ ਕੇ ਉਸਦੇ ਅਨੁਸਾਰ ਚੱਲਣਾ ਜਾਂ ਉਸਨੂੰ ਹਾਪੱਖੀ ਦਿਸ਼ਾ ਦੇਣਾ ਹੀ ਅਸਲੀ ਖੇਤੀ ਗਿਆਨ ਹੈ। ਜੇਕਰ ਖੇਤੀ ਨੂੰ ਸਿਰਫ਼ ਆਰਥਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਵੇਗਾ, ਤਾਂ ਉਸਦੇ ਵਾਤਾਵਰਣਕ ਅਤੇ ਸਮਾਜਿਕ ਪ੍ਰਭਾਵਾਂ ਨੂੰ ਅਣਦੇਖਿਆ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਸਾਲ 1907 ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਉਸ ਡੂੰਘਾਈ ‘ਤੇ ਸੀ, ਜਿੱਥੇ ਉਹ ਸਦੀਆਂ ਤੋਂ ਬਣਿਆ ਹੋਇਆ ਸੀ, ਪਰ ਰਸਾਇਣਕ ਖੇਤੀ ਦੀ ਵਧਦੀ ਵਰਤੋਂ ਨਾਲ ਅੱਜ ਧਰਤੀ ਹੇਠਲੇ ਪਾਣੀ ਦਾ ਪੱਧਰ ਕਈ ਫੁੱਟ ਹੇਠਾਂ ਚਲਾ ਗਿਆ ਹੈ। ਇਸਦੇ ਨਾਲ ਹੀ ਵਾਤਾਵਰਣ ਵੀ ਗੰਭੀਰ ਤੌਰ ‘ਤੇ ਪ੍ਰਭਾਵਿਤ ਹੋਇਆ ਹੈ। ਵਧਦਾ ਪ੍ਰਦੂਸ਼ਣ ਵੀ ਅੱਜ ਇੱਕ ਵੱਡੀ ਸਮੱਸਿਆ ਬਣ ਗਿਆ ਹੈ।

ਸ੍ਰੀ ਧਰਮਪਾਲ ਯਾਦਵ ਨੇ ਕਿਹਾ ਕਿ ਰਸਾਇਣਕ ਖੇਤੀ ਦੇ ਮਾੜੇ ਪ੍ਰਭਾਵਾਂ ਕਾਰਨ ਅੱਜ ਹਸਪਤਾਲਾਂ ਦੀ ਗਿਣਤੀ ਵਧ ਰਹੀ ਹੈ ਅਤੇ ਲੋਕਾਂ ਵਿੱਚ ਗੰਭੀਰ ਬੀਮਾਰੀਆਂ ਵੀ ਵਧੀਆਂ ਹਨ। ਹੁਣ ਦੁਨੀਆ ਵੀ ਕੁਦਰਤੀ ਖੇਤੀ ਵੱਲ ਪਰਤਣ ਦੀ ਲੋੜ ਮਹਿਸੂਸ ਕਰ ਰਹੀ ਹੈ ਅਤੇ ਵੱਡੇ ਸ਼ਹਿਰਾਂ ਤੋਂ ਲੋਕ ਪਿੰਡਾਂ ਵੱਲ ਪਰਵਾਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਦਾ ਆਪਣਾ ਇੱਕ ਵਿਗਿਆਨਕ ਤੰਤਰ ਹੈ, ਜਿਸਨੂੰ ਸਮਝਣਾ ਅੱਜ ਹਰ ਕਿਸਾਨ ਲਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚ ਕਦੇ ਵੀ ਕੀਟਨਾਸ਼ਕਾਂ ਜਾਂ ਹੋਰ ਰਸਾਇਣਕ ਦਵਾਈਆਂ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਦਾ ਮੰਨਣਾ ਹੈ ਕਿ ਕੀਟ ਪ੍ਰਬੰਧਨ ਲਈ ਵੀ ਕੁਦਰਤੀ ਉਪਾਅ ਕਾਫ਼ੀ ਹਨ ਅਤੇ ਰਸਾਇਣਕ ਦਵਾਈਆਂ ‘ਤੇ ਨਿਰਭਰਤਾ ਘੱਟ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਸਾਨਾਂ ਨਾਲ ਆਪਣੇ ਉਤਪਾਦਾਂ ਦੇ ਮਾਰਕੀਟਿੰਗ ਮਾਡਲ ਦੀ ਜਾਣਕਾਰੀ ਵੀ ਸਾਂਝੀ ਕੀਤੀ ਅਤੇ ਕੁਦਰਤੀ ਖੇਤੀ ਤੋਂ ਬਿਹਤਰ ਆਮਦਨ ਪ੍ਰਾਪਤ ਕਰਨ ਦੇ ਆਪਣੇ ਤਜ਼ਰਬੇ ਦੱਸੇ।

ਮੁੱਖ ਮੰਤਰੀ ਦਾ ਜਤਾਇਆ ਧੰਨਵਾਦਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਨ ਲਈ ਦਿੱਤੇ ਸੁਝਾਅ

ਪ੍ਰੋਗਰਾਮ ਦੌਰਾਨ ਕਿਸਾਨਾਂ ਨੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੇ ਸਾਹਮਣੇ ਕੁਦਰਤੀ ਖੇਤੀ ਨੂੰ ਵੱਧ ਤੋਂ ਵੱਧ ਪ੍ਰੋਤਸਾਹਨ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਜਾ ਸਕਣ ਵਾਲੇ ਵੱਖ-ਵੱਖ ਸੁਝਾਅ ਸਾਂਝੇ ਕੀਤੇ। ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਖੁਦ ਕਿਸਾਨਾਂ ਨਾਲ ਆਹਮੋ-ਸਾਹਮਣੇ ਬੈਠ ਕੇ ਸੰਵਾਦ ਕਰਨਾ ਉਨ੍ਹਾਂ ਲਈ ਬਹੁਤ ਪ੍ਰੇਰਣਾਦਾਇਕ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਸੂਬੇ ਦਾ ਮੁਖੀ ਕਿਸਾਨਾਂ ਨਾਲ ਸਿੱਧਾ ਸੰਵਾਦ ਕਰਦਾ ਹੈ ਅਤੇ ਉਨ੍ਹਾਂ ਦੀ ਗੱਲ ਸੁਣਦਾ ਹੈ, ਤਾਂ ਇਸ ਨਾਲ ਕਿਸਾਨਾਂ ਦਾ ਮਨੋਬਲ ਵਧਦਾ ਹੈ ਅਤੇ ਉਨ੍ਹਾਂ ਨੂੰ ਇਹ ਵਿਸ਼ਵਾਸ ਮਿਲਦਾ ਹੈ ਕਿ ਸੂਬਾ ਸਰਕਾਰ ਉਨ੍ਹਾਂ ਦੇ ਹਿੱਤਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।

ਕਿਸਾਨਾਂ ਨੇ ਸੂਬਾ ਸਰਕਾਰ ਦੀਆਂ ਕਿਸਾਨ-ਪੱਖੀ ਨੀਤੀਆਂ ਅਤੇ ਕਿਸਾਨਾਂ ਦੀ ਭਲਾਈ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਮੰਡੀ ਵਿਵਸਥਾ ਨੂੰ ਮਜ਼ਬੂਤ ਕਰਨ ਲਈ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਨਾਲ ਕਿਸਾਨਾਂ ਦੇ ਹਿੱਤਾਂ ਨੂੰ ਮਜ਼ਬੂਤੀ ਮਿਲੀ ਹੈ। ਕਿਸਾਨਾਂ ਨੇ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਜਤਾਇਆ ਕਿ ਕੁਦਰਤੀ ਖੇਤੀ ਨੂੰ ਪ੍ਰੋਤਸਾਹਨ ਦੇਣ ਲਈ ਸਰਕਾਰ ਅੱਗੇ ਵੀ ਇਸੇ ਤਰ੍ਹਾਂ ਸਹਿਯੋਗ ਕਰਦੀ ਰਹੇਗੀ।

ਇਸੇ ਲੜੀ ਵਿੱਚ ਕਰਨਾਲ ਦੇ ਇੱਕ ਕਿਸਾਨ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਚੰਗਾ ਲਾਭ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤ ਵਿੱਚ ਚੁੱਕੇ ਜਾ ਰਹੇ ਕਦਮਾਂ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਸੁਝਾਅ ਦਿੱਤਾ ਕਿ ਖੇਤੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਕੋਰਸ ਵਿੱਚ ਵੀ ਕੁਦਰਤੀ ਖੇਤੀ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਭਵਿੱਖ ਦੀ ਪੀੜ੍ਹੀ ਸ਼ੁਰੂ ਤੋਂ ਹੀ ਟਿਕਾਊ, ਵਾਤਾਵਰਣ-ਅਨੁਕੂਲ ਅਤੇ ਰਸਾਇਣ-ਮੁਕਤ ਖੇਤੀ ਦੀ ਵਿਗਿਆਨਕ ਸਮਝ ਵਿਕਸਿਤ ਕਰ ਸਕੇ।

ਇਸ ਦੌਰਾਨ ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਸ੍ਰੀ ਰਾਜਨਾਰਾਇਣ ਕੌਸ਼ਿਕ, ਓਐਸਡੀ ਸ੍ਰੀ ਵੀਰੇਂਦਰ ਬੜਖਾਲਸਾ, ਪੰਚਕੂਲਾ ਦੇ ਮੇਅਰ ਸ੍ਰੀ ਸ਼ਿਆਮ ਲਾਲ ਬਾਂਸਲ, ਪਾਰਟੀ ਦੀ ਨੇਤਾ ਸ੍ਰੀਮਤੀ ਬੰਤੋ ਕਟਾਰੀਆ, ਮੁੱਖ ਮੰਤਰੀ ਦੇ ਮੀਡੀਆ ਸਕੱਤਰ ਸ੍ਰੀ ਪ੍ਰਵੀਨ ਅੱਤਰੇ, ਸ਼ਿਵਾਲਿਕ ਵਿਕਾਸ ਬੋਰਡ ਦੇ ਚੇਅਰਮੈਨ ਸ੍ਰੀ ਓਮਪ੍ਰਕਾਸ਼ ਦੇਵੀਨਗਰੀਆ, ਜ਼ਿਲ੍ਹਾ ਪ੍ਰਧਾਨ ਸ੍ਰੀ ਅਜੈ ਵੀ ਮੌਜੂਦ ਸਨ।