Tuesday, November 24Malwa News
Shadow

Moga Rally: ਪੁਲੀਸ ਵੱਲੋਂ ਟਰੈਫਿਕ ਰੂਟ ਪਲਾਨ ਜਾਰੀ, 26 ਨਵੰਬਰ ਨੂੰ ਕਈ ਮੁੱਖ ਮਾਰਗ ਰਹਿਣਗੇ ਬੰਦ

ਮੋਗਾ-ਲੁਧਿਆਣਾ ਕੌਮੀ ਮਾਰਗ ਸਥਿਤ ਪਿੰਡ ਨੱਥੂਵਾਲਾ ਜਦੀਦ ਵਿਖੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ 26 ਨਵੰਬਰ ਨੂੰ ਹੋਣ ਵਾਲੀ ‘ਖ਼ੁਸ਼ਹਾਲ ਪੰਜਾਬ’ ਰੈਲੀ ਲਈ ਮੋਗਾ ਪੁਲੀਸ ਵੱਲੋਂ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਅਤੇ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਾਉਣ ਲਈ ਵਿਸ਼ੇਸ਼ ਟਰੈਫਿਕ ਰੂਟ ਪਲਾਨ ਜਾਰੀ ਕੀਤਾ ਗਿਆ ਹੈ।

ਮੋਗਾ ਦੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 26 ਨਵੰਬਰ ਨੂੰ ਮੋਗਾ ਤੋਂ ਜਗਰਾਉਂ ਅਤੇ ਜਗਰਾਉਂ ਤੋਂ ਮੋਗਾ ਮੁੱਖ ਮਾਰਗ ਆਮ ਲੋਕਾਂ ਲਈ ਬੰਦ ਰਹਿਣਗੇ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਸ਼ਹਿਰਾਂ ਵੱਲ ਜਾਣ ਵਾਲੇ ਵਾਹਨਾਂ ਲਈ ਬਦਲਵੇਂ ਰਸਤੇ ਨਿਰਧਾਰਤ ਕੀਤੇ ਗਏ ਹਨ। ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਤੋਂ ਚੰਡੀਗੜ੍ਹ ਜਾਂ ਲੁਧਿਆਣਾ ਜਾਣ ਵਾਲੇ ਵਾਹਨ ਤਲਵੰਡੀ ਭਾਈ ਚੌਕ ਤੋਂ ਜ਼ੀਰਾ, ਧਰਮਕੋਟ ਅਤੇ ਸਿੱਧਵਾਂ ਬੇਟ ਰਾਹੀਂ ਆਪਣੀ ਮੰਜ਼ਿਲ ਵੱਲ ਜਾ ਸਕਣਗੇ।

ਇਸੇ ਤਰ੍ਹਾਂ ਲੁਧਿਆਣਾ, ਚੰਡੀਗੜ੍ਹ ਅਤੇ ਪਟਿਆਲਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਜਾਣ ਵਾਲੇ ਵਾਹਨਾਂ ਲਈ ਜਗਰਾਉਂ ਤੋਂ ਨਾਨਕਸਰ ਗੁਰਦੁਆਰਾ ਸਾਹਿਬ ਨੇੜਿਓਂ ਕੋਕਰੀ ਕਲਾਂ ਅਤੇ ਕੋਟ ਈਸੇ ਖਾਂ ਰਾਹੀਂ ਬਦਲਵੇਂ ਰਸਤੇ ਤੈਅ ਕੀਤੇ ਗਏ ਹਨ। ਪਟਿਆਲਾ ਅਤੇ ਸੰਗਰੂਰ ਵੱਲੋਂ ਆਉਣ ਵਾਲੇ ਵਾਹਨਾਂ ਨੂੰ ਨਿਹਾਲ ਸਿੰਘ ਵਾਲਾ ਦੀ ਤਿਕੋਣੀ ਤੋਂ ਬਾਘਾਪੁਰਾਣਾ ਅਤੇ ਮੁੱਦਕੀ ਰਾਹੀਂ ਜਾਣ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ 26 ਨਵੰਬਰ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਜਾਰੀ ਕੀਤੇ ਗਏ ਬਦਲਵੇਂ ਰੂਟਾਂ ਦੀ ਵਰਤੋਂ ਕਰਨ।