Thursday, November 12Malwa News
Shadow

ਵਿਧਾਇਕ ਜਿੰਪਾ ਨੇ ਹੁਸ਼ਿਆਰਪੁਰ ’ਚ ਬਾਕਸ ਕ੍ਰਿਕਟ ਅਤੇ ਸਕੇਟਿੰਗ ਟਰੈਕ ਦੇ ਨਿਰਮਾਣ ਕਾਰਜ ਦੀ ਕਰਵਾਈ ਸ਼ੁਰੂਆਤ

ਹੁਸ਼ਿਆਰਪੁਰ, 12 ਨਵੰਬਰ: ਪੰਜਾਬ ਸਰਕਾਰ ਦੀ  ‘ਰੰਗਲਾ ਪੰਜਾਬ’ਪਹਿਲਕਦਮੀ ਤਹਿਤ ਹੁਸ਼ਿਆਰਪੁਰ ਵਿੱਚ ਖੇਡ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਦਿਆਂ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਨੇ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿੱਚ 35 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਬਾਕਸ ਕ੍ਰਿਕਟ ਮੈਦਾਨ ਅਤੇ ਸਕੇਟਿੰਗ ਟਰੈਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ।

ਵਿਧਾਇਕ ਜਿੰਪਾ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ਨੂੰ ਬਿਹਤਰ ਖੇਡ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀਆਂ ਤਰਜੀਹਾਂ ਵਿੱਚ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕੇ ਵਿੱਚ ਪੇਂਡੂ ਪੱਧਰ ’ਤੇ 30 ਤੋਂ ਵੱਧ ਸਪੋਰਟਸ ਪਾਰਕ ਬਣਾਏ ਜਾ ਚੁੱਕੇ ਹਨ, ਤਾਂ ਜੋ ਪਿੰਡਾਂ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਆਪਣੇ ਆਲੇ-ਦੁਆਲੇ ਹੀ ਖੇਡਾਂ ਲਈ ਢੁਕਵੀਂ ਜਗ੍ਹਾ ਮਿਲ ਸਕੇ। ਉਨ੍ਹਾਂ ਕਿਹਾ ਕਿ ਖੇਡ ਸਹੂਲਤਾਂ ਦੇ ਵਿਸਥਾਰ ਦੇ ਨਾਲ-ਨਾਲ ਇੰਡੋਰ ਸਟੇਡੀਅਮ ਵਿੱਚ ਜੂਡੋ ਹਾਲ ਦਾ ਵੀ ਵਿਸਥਾਰ ਕੀਤਾ ਗਿਆ ਹੈ ਅਤੇ ਸਟੇਡੀਅਮ ਦੀਆਂ ਸਹੂਲਤਾਂ ਵਿੱਚ ਸੁਧਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਖੇਡਾਂ ਨਾਲ ਜੋੜਨਾ ਬੇਹੱਦ ਜ਼ਰੂਰੀ ਹੈ ਖ਼ਾਸ ਤੌਰ ’ਤੇ ਛੋਟੇ ਬੱਚਿਆਂ ਨੂੰ ਸਕੇਟਿੰਗ ਲਈ ਢੁਕਵੀਂ ਜਗ੍ਹਾ ਮੁਹੱਈਆ ਕਰਵਾਉਣਾ ਜ਼ਰੂਰੀ ਹੈ, ਕਿਉਂਕਿ ਪਹਿਲਾਂ ਕਈ ਬੱਚੇ ਸੜਕਾਂ ’ਤੇ ਸਕੇਟਿੰਗ ਕਰਨ ਲਈ ਮਜਬੂਰ ਹੁੰਦੇ ਸਨ, ਜਿਸ ਕਾਰਨ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਸੀ। ਵਿਧਾਇਕ ਨੇ ਕਿਹਾ ਕਿ ਨਵੇਂ ਸਕੇਟਿੰਗ ਟਰੈਕ ਦੇ ਨਿਰਮਾਣ ਨਾਲ ਬੱਚਿਆਂ ਨੂੰ ਸੁਰੱਖਿਅਤ ਮਾਹੌਲ ਮਿਲੇਗਾ। ਇਸ ਦੇ ਨਾਲ ਹੀ ਬੱਚਿਆਂ ਨੂੰ ਸਕੇਟਿੰਗ ਦੀ ਸਿਖਲਾਈ ਦੇਣ ਲਈ ਟ੍ਰੇਨਰ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ, ਤਾਂ ਜੋ ਉਹ ਸਹੀ ਮਾਰਗਦਰਸ਼ਨ ਹੇਠ ਆਪਣੀ ਪ੍ਰਤਿਭਾ ਨੂੰ ਨਿਖਾਰ ਸਕਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਉਸਾਰੂ ਗਤੀਵਿਧੀਆਂ ਨਾਲ ਜੋੜਨ ਲਈ ਲਗਾਤਾਰ ਯਤਨ ਕਰ ਰਹੀ ਹੈ।

ਇਸ ਮੌਕੇ ਮੇਅਰ ਪ੍ਰਵੀਨ ਸੈਣੀ, ਹੁਸ਼ਿਆਰਪੁਰ ਕੋਆਪਰੇਟਿਵ ਬੈਂਕ ਦੇ ਚੇਅਰਮੈਨ ਵਿਕਰਮ ਸ਼ਰਮਾ, ਕੌਂਸਲਰ ਮੁਖੀ ਰਾਮ, ਕੌਂਸਲਰ ਅਜੇ ਵਰਮਾ, ਵਰਿੰਦਰ ਸ਼ਰਮਾ ਬਿੰਦੂ, ਸੁਦਰਸ਼ਨ ਧੀਰ, ਵਰਿੰਦਰ ਵੈਦ, ਪ੍ਰਮੋਦ ਸ਼ਰਮਾ, ਐਸ.ਡੀ.ਓ. ਯਾਦਵਿੰਦਰ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।