
ਨਵੀਂ ਦਿੱਲੀ, 10 ਫਰਵਰੀ : ਲੋਕ ਸਭਾ ਹਲਕਾ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਲੋਕ ਸਭਾ ਵਿਚ ਆਪਣੇ ਭਾਸ਼ਨ ਦੌਰਾਨ ਕੇਂਦਰ ਸਰਕਾਰ ‘ਤੇ ਦੋਸ਼ ਲਾਇਆ ਕਿ ਫਸਲੀ ਵਿਭਿੰਨਤਾ ਦੇ ਮਾਮਲੇ ਵਿਚ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸੰਗਰੂਰ ਹਲਕੇ ਦੀ ਖੇਤੀਬਾੜੀ ਆਧਾਰਿਤ ਸਨਅਤ ਲਈ ਵਿਸ਼ੇਸ਼ ਪੈਕੇਜ ਦਿੱਤਾ ਜਾਵੇ।
ਅੱਜ ਲੋਕ ਸਭਾ ਵਿਚ ਬੱਜਟ ‘ਤੇ ਬਹਿਸ ਵਿਚ ਹਿੱਸਾ ਲੈਂਦਿਆਂ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੇ ਦੇਸ਼ ਵਿਚ ਖੇਤੀਬਾੜੀ ਕ੍ਰਾਂਤੀ ਲਿਆਂਦੀ ਸੀ ਅਤੇ ਪੰਜਾਬ ਦੇ ਕਿਸਾਨਾਂ ਨੇ ਪੂਰੇ ਦੇਸ਼ ਦਾ ਢਿੱਡ ਭਰਿਆ ਸੀ। ਪਰ ਹੁਣ ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਦੇ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲੋਕ ਸਭਾ ਵਿਚ ਪੰਜਾਬ ਦੇ ਤਿੰਨ ਸਾਲ ਤੋਂ ਐਮ ਐਸ ਪੀ ਦੀ ਮੰਗ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਜਿਕਰ ਤੱਕ ਨਾ ਕਰਨਾ ਇਹ ਦਰਸਾਉਂਦਾ ਹੈ ਕਿ ਕੇਂਦਰ ਸਰਕਾਰ ਪੰਜਾਬ ਨੂੰ ਪੂਰੀ ਤਰਾਂ ਨਜ਼ਰ ਅੰਦਾਜ਼ ਕਰ ਰਹੀ ਹੈ। ਮੀਤ ਹੇਅਰ ਨੇ ਕਿਹਾ ਕਿ ਇਸ ਵੇਲੇ ਦੇ ਹਾਲਾਤਾਂ ਅਨੁਸਾਰ ਅਰਥ ਵਿਵਸਥਾ ਦੇ ਖੇਤਰ ਵਿਚ ਪ੍ਰਤੀ ਜੀਅ ਆਮਦਨ, ਜੀ.ਡੀ.ਪੀ. ਅਤੇ ਡਾਲਰ ਦੇ ਮੁਕਾਬਲੇ ਰੁਪਏ ਦੀ ਘਟਦੀ ਕੀਮਤ ਦੇ ਮਾਮਲੇ ਵਿਚ ਦੁਨੀਆਂ ਪੱਧਰ ‘ਤੇ ਭਾਰਤ ਬਿੱਲਕੁੱਲ ਪੱਛੜ ਚੁੱਕਾ ਹੈ। ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਦੁਨੀਆਂ ਦੇ ਨਕਸ਼ੇ ‘ਤੇ ਭਾਰਤ ਦਾ ਨਾਮ ਧੁੰਦਲਾ ਹੋ ਰਿਹਾ ਹੈ।