Saturday, May 16Malwa News
Shadow

ਜੇਲ ਮੰਤਰੀ ਡਾ. ਰਵਜੋਤ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਬੱਚੇ ਗੁਰਕਰਨ ਸਿੰਘ ਦਾ ਜਾਣਿਆ ਹਾਲਚਾਲ

ਹੁਸ਼ਿਆਰਪੁਰ, 16 ਮਈ :   ਪੰਜਾਬ ਦੇ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਬੀਤੀ ਰਾਤ ਨੇੜਲੇ ਪਿੰਡ ਚੱਕ ਸਮਾਣਾ ਵਿਚ ਬੋਰਵੇਲ ਵਿਚੋਂ ਸੁਰੱਖਿਅਤ ਕੱਢੇ ਗਏ ਬੱਚੇ ਗੁਰਕਰਨ ਸਿੰਘ ਦੀ ਸਿਹਤ ਦੀ ਮੌਜੂਦਾ ਸਥਿਤੀ ਬਾਰੇ ਸਿਵਲ ਹਸਪਤਾਲ ਪਹੁੰਚ ਕੇ ਜਾਣਕਾਰੀ ਲਈ । ਇਸ ਦੌਰਾਨ ਉਨ੍ਹਾਂ ਨੇ ਬੱਚੇ ਦਾ ਇਲਾਜ ਕਰ ਰਹੇ ਡਾਕਟਰਾਂ  ਨਾਲ ਗੱਲਬਾਤ ਕੀਤੀ ਅਤੇ ਖੁਦ ਵੀ ਬੱਚੇ ਦਾ ਚੈੱਕਅਪ ਕੀਤਾ।
ਡਾ. ਰਵਜੋਤ ਸਿੰਘ ਨੇ ਬੱਚੇ ਨੂੰ ਫ਼ਲ ਅਤੇ ਖਿਡੌਣੇ ਦਿੰਦਿਆਂ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਪਰਿਵਾਰ ਨੇ ਬੱਚੇ ਦੀ ਸਿਹਤ ਵਿਚ ਲਗਾਤਾਰ ਹੋ ਰਹੇ ਸੁਧਾਰ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਗੁਰਕਰਨ ਸਿੰਘ ਦੀ ਹਾਲਤ ਪਹਿਲੇ ਤੋਂ ਕਾਫ਼ੀ ਬਿਹਤਰ ਹੈ ਅਤੇ ਡਾਕਟਰਾਂ ਦੀ ਟੀਮ ਲਗਾਤਾਰ ਉਸ ਦੀ ਨਿਗਰਾਨੀ ਅਤੇ ਇਲਾਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਸਵੇਰੇ ਤਰਲ ਪਦਾਰਥ ਵੀ ਦਿੱਤੇ ਗਏ ਅਤੇ ਉਸ ਦੀ ਸਿਹਤ ਤੇਜ਼ੀ ਨਾਲ ਸੁਧਰ ਰਹੀ ਹੈ।
ਡਾ. ਰਵਜੋਤ ਸਿੰਘ ਨੇ ਇਸ ਸਫ਼ਲ ਰੈਸਕਿਊ ਓਪਰੇਸ਼ਨ ਵਿਚ ਯੋਗਦਾਨ ਦੇਣ ਵਾਲੇ ਜ਼ਿਲ੍ਹਾ ਪ੍ਰਸ਼ਾਸਨ, ਬਾਬਾ ਦੀਪ ਸਿੰਘ ਸੇਵਾ ਦਲ, ਸਿਵਲ ਡਿਫੈਂਸ, ਮੈਡੀਕਲ ਟੀਮਾਂ ਅਤੇ ਸਾਰੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਟੀਮਾਂ ਦੀ ਮਿਹਨਤ, ਸਮਰਪਣ ਅਤੇ ਸਮੂਹਿਕ ਯਤਨਾਂ ਸਦਕਾ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣਾ ਸੰਭਵ ਹੋ ਸਕਿਆ ਹੈ।