ਚੰਡੀਗੜ੍ਹ, 9 ਜਨਵਰੀ : ਪੰਜਾਬ ਵਿਚ ਉਦਯੋਗਿਕ ਵਿਕਾਸ ਲਈ ਸਰਕਾਰ ਵਲੋਂ ਸਾਰੀਆਂ ਕੰਪਨੀਆਂ ਨਾਲ ਪੂਰਾ ਸਹਿਯੋਗ ਕੀਤਾ ਜਾ ਰਿਹਾ ਹੈ ਅਤੇ ਸਨਅਤੀ ਵਿਕਾਸ ਲਈ ਵਧੀਆ ਵਾਤਾਵਰਣ ਮੁਹਈਆ ਕਰਵਾਇਆ ਜਾਵੇਗਾ। ਪੰਜਾਬ ਦੇ ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਨਅਤੀ ਕੰਪਨੀਆਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਜੋ ਵੀ ਕੰਪਨੀ ਪੰਜਾਬ ਵਿਚ ਸਨਅਤਾਂ ਸਥਾਪਿਤ ਕਰੇਗੀ, ਉਸ ਨੂੰ ਪੰਜਾਬ ਸਰਕਾਰ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਨੋਇਡਾ ਵਿਖੇ ਟਰੇਡ ਪ੍ਰਮੋਸ਼ਨ ਕੌਂਸਲ ਆਫ ਇੰਡੀਆ ਵਲੋਂ ਕਰਵਾਏ ਗਏ ਕੌਮਾਂਤਰੀ ਪੱਧਰ ਦੇ ਫੂਡ ਟਰੇਡ ਸ਼ੋਅ ‘ਇੰਡਸਫੂਡ’ ਦੌਰਾਨ ਸੰਬੋਧਨ ਕਰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਉਦਯੋਗਾਂ ਲਈ ਪੰਜਾਬ ਵਿਚ ਢੁੱਕਵਾਂ ਮਹੌਲ ਦੇਣ ਲਈ ਸਰਕਾਰ ਵਲੋਂ ਪੂਰੀ ਗਰੰਟੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸੂਬੇ ਤਰੱਕੀ ਲਈ ਸਨਅਤੀ ਵਿਕਾਸ ਜਰੂਰੀ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਦੇ ਸਨਅਤੀ ਵਿਕਾਸ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।
ਅੱਜ ਕਰਵਾਏ ਗਏ ਇੰਡਸਫੂਡ ਦੌਰਾਨ ਦੁਨੀਆਂ 105 ਮੁਲਕਾਂ ਦੀਆਂ 3500 ਤੋਂ ਵੀ ਵੱਧ ਕੰਪਨੀਆਂ ਨੇ ਭਾਗ ਲਿਆ। ਇਸ ਮੌਕੇ ਕਈ ਕੰਪਨੀਆਂ ਨੇ ਪੰਜਾਬ ਵਿਚ ਨਿਵੇਸ਼ ਕਰਨ ਦੀ ਇੱਛਾ ਪ੍ਰਗਟ ਕੀਤੀ।