
ਚੰਡੀਗੜ੍ਹ, 19 ਫਰਵਰੀ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀ ਨੌਜਵਾਨਾਂ ਨਾਲ ਏਜੰਟਾਂ ਵਲੋਂ ਮਾਰੀ ਗਈ ਠੱਗੀ ਦੇ ਮਾਮਲੇ ਵਿਚ ਪੰਜਾਬ ਪੁਲੀਸ ਵਲੋਂ ਕੀਤੀ ਗਈ ਸਖਤੀ ਦੇ ਸਿਲਸਲੇ ਵਿਚ ਅੱਜ ਪੰਜ ਹੋਰ ਪਰਚੇ ਦਰਜ ਕਰ ਲਏ ਹਨ ਅਤੇ ਦੋ ਹੋਰ ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਅਮਰੀਕਾ ਵਲੋਂ ਗੈਰਕਾਨੂੰਨੀ ਭਾਰਤੀਆਂ ਨੂੰ ਤਿੰਨ ਜਹਾਜਾਂ ਰਾਹੀਂ ਡਿਪੋਰਟ ਕਰਕੇ ਵਾਪਸ ਭਾਰਤ ਭੇਜੇ ਜਾਣ ਪਿਛੋਂ ਪੰਜਾਬ ਸਰਕਾਰ ਵਲੋਂ ਏਜੰਟਾਂ ਖਿਲਾਫ ਸਖਤ ਐਕਸ਼ਨ ਦੇ ਆਦੇਸ਼ ਜਾਰੀ ਕੀਤੇ ਗਏ ਸਨ। ਇਸ ਪਿਛੋਂ ਵੱਖ ਵੱਖ ਸ਼ਿਕਾਇਤਾਂ ਦੇ ਆਧਾਰ ‘ਤੇ ਲੋਕਾਂ ਨੂੰ ਠੱਗੀ ਮਾਰਨ ਵਾਲੇ ਏਜੰਟਾਂ ਖਿਲਾਫ ਹੁਣ ਤੱਕ ਕੁੱਲ 15 ਪਰਚੇ ਦਰਜ ਕੀਤੇ ਜਾ ਚੁੱਕੇ ਹਨ, ਜਦਕਿ ਤਿੰਨ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਲੋਕਾਂ ਤੋਂ ਲੱਖਾਂ ਰੁਪਏ ਲੈ ਕੇ ਨੌਜਵਾਨਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਵਾਲੇ ਇਨ੍ਹਾਂ ਏਜੰਟਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਏਜੰਟਾਂ ਦੇ ਪੂਰੇ ਨੈਟਵਰਕ ਦੀ ਪਛਾਣ ਲਈ ਐਸ ਆਈ ਟੀ ਗਠਿਤ ਕੀਤੀ ਗਈ ਹੈ। ਇਸ ਐਸ ਆਈ ਟੀ ਵਲੋਂ ਸਾਈਬਰ ਕ੍ਰਾਈਮ ਯੂਨਿਟਾਂ ਅਤੇ ਵਿੱਤੀ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਪੂਰੇ ਨੈਟਵਰਕ ਦਾ ਪਤਾ ਲਗਾਇਆ ਜਾ ਰਿਹਾ ਹੈ।