
ਸ੍ਰੀ ਆਨੰਦਪੁਰ ਸਾਹਿਬ, 20 ਫਰਵਰੀ : ਜਗਤ ਪੰਜਾਬੀ ਸਭਾ ਕੈਨੇਡਾ, ਪੰਜਾਬੀ ਬਿਜਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਓਂਟਾਰੀਓ ਫਰੈਡ ਕਲੱਬ ਵਲੋਂ 22 ਫਰਵਰੀ ਨੂੰ ਵਿਰਾਸਤ ਏ ਖਾਲਸਾ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਇਸ ਸਨਮਾਨ ਸਮਾਰੋਹ ਵਿਚ ਤਿੰਨ ਵੱਖ ਵੱਖ ਪੜਾਵਾਂ ਅਧੀਨ ਵੱਖ ਵੱਖ ਸ਼ਖਸ਼ੀਅਤਾ ਦੇ ਸਨਮਾਨ ਕੀਤੇ ਜਾਣਗੇ। ਜਿਸ ਵਿਚ ਪੰਜਾਬੀ ਨਾਇਕ, ਪੰਜਾਬੀ ਸਾਹਿਤਕਾਰ, ਵਿਦਵਾਨ, ਸਮਾਜ ਸੇਵੀ ਅਤੇ ਜਗਤ ਪੰਜਾਬੀ ਸਭਾ ਦੇ ਸਰਗਰਮ ਸਾਰੇ ਮੈਂਬਰ ਸ਼ਾਮਲ ਹੋਣਗੇ। ਫਰਵਰੀ 2025 ਨੂੰ ਕਰਵਾਏ ਜਾਣ ਵਾਲੇ ਇਸ ਸਮਾਗਮ ‘ਚ ਵਿਧਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸ. ਚੱਠਾ ਨੇ ਦੱਸਿਆ ਕਿ ਸਮਾਗਮ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਅਤੇ ਸਨਮਾਨਿਤ ਹੋਣ ਵਾਲੀਆਂ ਸਤਿਕਾਰਯੋਗ ਸਖਸ਼ੀਅਤਾਂ ਨੂੰ ਅਦਬ ਸਹਿਤ ਸੱਦਾ ਪੱਤਰ ਭੇਜੇ ਜਾ ਚੁੱਕੇ ਹਨ।ਮਾਣਯੋਗ ਸਖਸ਼ੀਅਤਾਂ ਨੇ ਇਹ ਸੱਦਾ ਪੱਤਰ ਸਵੀਕਾਰ ਕਰ ਲਏ ਹਨ ਅਤੇ ਸਮਾਗਮ ‘ਚ ਆਉਣ ਦੀ ਸਹਿਮਤੀ ਵੀ ਪ੍ਰਗਟਾਈ ਹੈ। ਉਹਨਾਂ ਨੇ ਹੋਰ ਚਾਨਣਾ ਪਾਉਂਦਿਆ ਦੱਸਿਆ ਕਿ 21 ਫਰਵਰੀ ਤੱਕ ਜਗਤ ਪੰਜਾਬੀ ਸਭਾ ਕੈਨੇਡਾ ਦੀ ਸਮੁੱਚੀ ਟੀਮ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਜਾਵੇਗੀ ਤਾਂ ਜੋ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਨੂੰ ਸਮੇਂ ਸਿਰ ਨਿਭਾਇਆ ਜਾ ਸਕੇ। ਉਹਨਾਂ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਵਿਰਾਸਤ ਏ ਖਾਲਸਾ ਵਿਖੇ ਹੋਣ ਵਾਲਾ ਇਹ ਸਨਮਾਨ ਸਮਾਰੋਹ ਯਾਦਗਾਰੀ ਪੈੜਾਂ ਸਥਾਪਿਤ ਕਰੇਗਾ।