
ਚੰਡੀਗੜ੍ਹ, 25 ਫਰਵਰੀ : ਵਿਦੇਸ਼ਾਂ ਵਿਚ ਸੈਟਲ ਹੋਣ ਦੇ ਚਾਹਵਾਨ ਨੌਜਵਾਨਾਂ ਨਾਲ ਟਰੈਵਲ ਏਜੰਟਾਂ ਵਲੋਂ ਕੀਤੀ ਜਾ ਰਹੀ ਧੋਖਾਦੇਹੀ ਨੂੰ ਨੱਥ ਪਾਉਣ ਲਈ ਪੰਜਾਬ ਪੁਲੀਸ ਵਲੋਂ 1274 ਇਮੀਗਰੇਸ਼ਨ ਏਜੰਟਾਂ ਦੇ ਦਫਤਰਾਂ ‘ਤੇ ਛਾਪੇਮਾਰੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਸੋਮਵਾਰ ਸਵੇਰੇ 11 ਵਜੇ ਤੋਂ ਦੇਰ ਸ਼ਾਮ ਤੱਕ ਸੂਬੇ ਦੇ ਸਾਰੇ 28 ਜਿਲਿਆਂ ਵਿਚ ਛਾਪੇਮਾਰੀ ਕੀਤੀ ਗਈ। ਇਕੋ ਸਮੇਂ ਚਲਾਏ ਗਏ ਇਸ ਅਪ੍ਰੇਸ਼ਨ ਦੌਰਾਨ 1274 ਫਰਮਾਂ ‘ਤੇ ਛਾਪੇਮਾਰੀ ਕੀਤੀ ਗਈ ਅਤੇ 24 ਪੁਲੀਸ ਕੇਸ ਦਰਜ ਕੀਤੇ ਗਏ। ਇਸ ਦੌਰਾਨ 7 ਇਮੀਗਰੇਸ਼ਨ ਏਜੰਟਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਡੀ.ਜੀ.ਪੀ. ਨੇ ਦੱਸਿਆ ਕਿ ਸਾਰੇ ਜਿਲਿਆਂ ਵਿਚ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਤਾਂ ਜੋ ਸਾਰੇ ਇਮੀਗਰੇਸ਼ਨ ਏਜੰਟਾਂ ਦੀ ਚੰਗੀ ਤਰਾਂ ਜਾਂਚ ਕੀਤੀ ਜਾ ਸਕੇ। ਉਨ੍ਹਾਂ ਨੇ ਦੱਸਿਆ ਕਿ ਸਾਰੇ ਇਮੀਗਰੇਸ਼ਨ ਏਜੰਟਾਂ ਨੂੰ ਡਿਪਟੀ ਕਮਿਸ਼ਨਰ ਦਫਤਰ ਪਾਸੋਂ ਲਾਈਸੰਸ ਹਾਸਲ ਕਰਨਾ ਜਰੂਰੀ ਹੁੰਦਾ ਹੈ, ਜਿਸਦੀ ਮਿਆਦ ਪੰਜ ਸਾਲ ਹੁੰਦੀ ਹੈ। ਇਸ ਲਾਈਸੰਸ ਨੂੰ ਅਗਲੇ ਪੰਜ ਸਾਲ ਲਈ ਰਿਨਿਊ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਏਜੰਟ ਦੀਆਂ ਸੇਵਾਵਾਂ ਲੈਣ ਤੋਂ ਪਹਿਲਾਂ ਉਸਦੇ ਰਿਕਾਰਡ ਦੀ ਜਾਂਚ ਜਰੂਰ ਕੀਤੀ ਜਾਵੇ।