
ਫਾਜ਼ਿਲਕਾ, 21 ਜਨਵਰੀ : ਫਾਜ਼ਿਲਕਾ ਦੇ ਸੀਆਈਏ ਸਟਾਫ ਨੇ ਇੱਕ ਵੱਡੀ ਕਾਰਵਾਈ ਵਿੱਚ ਮਾਮੀ-ਭਾਣਜੇ ਨੂੰ ਹੈਰੋਇਨ ਦੀ ਤਸਕਰੀ ਕਰਦਿਆਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਸੀਆਈਏ ਸਟਾਫ ਦੇ ਇੰਚਾਰਜ ਪਰਮਜੀਤ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ। ਇਸ ਕਾਰਵਾਈ ਵਿੱਚ ਦੋਸ਼ੀਆਂ ਤੋਂ 50 ਗ੍ਰਾਮ ਹੈਰੋਇਨ, ਇੱਕ ਕਾਰ, 1500 ਰੁਪਏ ਦੀ ਨਕਦੀ ਅਤੇ ਫ਼ੋਨ ਬਰਾਮਦ ਕੀਤੇ ਗਏ ਹਨ।
ਮੁਖ਼ਬਰ ਦੀ ਸੂਚਨਾ ‘ਤੇ ਬੱਸ ਸਟੈਂਡ ਲਾਧੂਕਾ ਦੇ ਨੇੜਿਓਂ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਫ਼ਿਰੋਜ਼ਪੁਰ ਵਾਸੀ ਆਕਾਸ਼ ਸਿੰਘ ਅਤੇ ਰਾਜ ਵਜੋਂ ਹੋਈ ਹੈ। ਪੁਲਿਸ ਅਨੁਸਾਰ, ਦੋਸ਼ੀ ਔਰਤ ‘ਤੇ ਪਹਿਲਾਂ ਤੋਂ ਕਈ ਕੇਸ ਦਰਜ ਹਨ ਅਤੇ ਉਹ ਆਪਣੇ ਭਾਣਜੇ ਨਾਲ ਪਹਿਲਾਂ ਵੀ ਕਈ ਵਾਰ ਇਸ ਖੇਤਰ ਵਿੱਚ ਹੈਰੋਇਨ ਦੀ ਸਪਲਾਈ ਕਰ ਚੁੱਕੀ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਫ਼ਿਰੋਜ਼ਪੁਰ ਤੋਂ ਫਾਜ਼ਿਲਕਾ ਇਲਾਕੇ ਵਿੱਚ ਹੈਰੋਇਨ ਸਪਲਾਈ ਕਰਨ ਆਏ ਸਨ ਅਤੇ ਗਾਹਕਾਂ ਦੀ ਭਾਲ ਵਿੱਚ ਸਨ। ਦੋਵਾਂ ਦੋਸ਼ੀਆਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਪੁੱਛਗਿੱਛ ਦੌਰਾਨ ਡਰੱਗ ਤਸਕਰੀ ਦੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ।