ਚੰਡੀਗੜ੍ਹ, 16 ਦਸੰਬਰ : ਪੰਜਾਬ ਮਹਿਲਾ ਕਮਿਸ਼ਨ ਤੋਂ ਸੰਮਨ ਮਿਲਣ ਤੋਂ ਬਾਅਦ ਅੱਜ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਚੰਡੀਗੜ੍ਹ ਵਿਖੇ ਪਹੁੰਚੇ। ਐਡਵੋਕੇਟ ਧਾਮੀ ਅੱਜ ਪੰਜਾਬ ਮਹਿਲਾ ਕਮਿਸ਼ਨ ਦੇ ਦਫਤਰ ਪਹੁੰਚੇ ਅਤੇ ਉਨ੍ਹਾਂ ਨੇ ਬੀਬੀ ਜਗੀਰ ਕੌਰ ਬਾਰੇ ਬੋਲੀ ਗਈ ਗਲਤ ਭਾਸ਼ਾ ਲਈ ਮੁਆਫੀ ਮੰਗੀ। ਪਰ ਦੂਜੇ ਪਾਸੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਕਿਹਾ ਕਿ ਕੇਵਲ ਮੁਆਫੀ ਮੰਗਣ ਨਾਲ ਮਾਮਲਾ ਹੱਲ ਨਹੀਂ ਹੋਣਾ। ਇਸ ਲਈ ਮਹਿਲਾ ਕਮਿਸ਼ਨ ਨੇ ਅਜੇ ਤੱਕ ਮੁਆਫੀ ਸਵੀਕਾਰ ਨਹੀਂ ਕੀਤੀ ਅਤੇ ਮਾਮਲੇ ‘ਤੇ ਸੁਣਵਾਈ ਜਾਰੀ ਹੈ।
ਪਿਛਲੇ ਦਿਨੀਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕੋਟਕਪੂਰਾ ਦੇ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨਾਲ ਫੋਨ ‘ਤੇ ਗੱਲ ਕਰਦਿਆਂ ਬੀਬੀ ਜਗੀਰ ਕੌਰ ਬਾਰੇ ਬਹੁਤ ਹੀ ਗਲਤ ਭਾਸ਼ਾ ਦੀ ਵਰਤੋਂ ਕੀਤੀ ਸੀ। ਇਸ ਦੀ ਆਡੀਓ ਵਾਇਰਲ ਹੋਣ ਪਿਛੋਂ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਡਾ. ਰਾਜ ਲਾਲੀ ਗਿੱਲ ਨੇ ਹਰਜਿੰਦਰ ਸਿੰਘ ਧਾਮੀ ਨੂੰ ਨੋਟਿਸ ਜਾਰੀ ਕਰਕੇ 17 ਦਸੰਬਰ ਤੱਕ ਪੇਸ਼ ਹੋਣ ਲਈ ਕਿਹਾ ਸੀ। ਇਸ ਲਈ ਧਾਮੀ 17 ਦਸੰਬਰ ਦੀ ਥਾਂ ਅੱਜ ਹੀ ਪੇਸ਼ ਹੋ ਗਏ ਅਤੇ ਉਨ੍ਹਾਂ ਨੇ ਲਿਖਤੀ ਮੁਆਫੀ ਮੰਗੀ।
ਹਰਜਿੰਦਰ ਸਿੰਘ ਧਾਮੀ ਵਲੋਂ ਮਹਿਲਾ ਕਮਿਸ਼ਨ ਨੂੰ ਸੌਂਪੇ ਗਏ ਲਿਖਤੀ ਜਵਾਬ ਵਿਚ ਕਿਹਾ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਅਤੇ ਉਹ ਇਸ ਲਈ ਮਾਫ਼ੀ ਮੰਗਦੇ ਹਨ। ਪਰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿਲ ਨੇ ਸਪਸ਼ਟ ਰੂਪ ਵਿਚ ਕਿਹਾ ਕਿ ਕੇਵਲ ਮੁਆਫੀ ਮੰਗਣ ਨਾਲ ਹੀ ਇਹ ਮਾਮਲਾ ਹੱਲ ਨਹੀਂ ਹੋਣਾ। ਚੇਅਰਪਰਸਨ ਨੇ ਕਿਹਾ ਕਿ ਜਲਦਬਾਜ਼ੀ ਵਿੱਚ ਦਿਲ ਵਿੱਚ ਜੋ ਗੱਲਾਂ ਹੁੰਦੀਆਂ ਹਨ, ਉਹ ਬਾਹਰ ਆ ਜਾਂਦੀਆਂ ਹਨ। ਰਾਜ ਲਾਲੀ ਗਿਲ ਨੇ ਕਿਹਾ ਕਿ ਉਨ੍ਹਾਂ ਨੇ ਬੀਬੀ ਜਾਗੀਰ ਕੌਰ ਨਾਲ ਫੋਨ ‘ਤੇ ਵੀ ਗੱਲ ਕੀਤੀ ਹੈ ਅਤੇ ਉਹ ਜਲਦ ਹੀ ਬੀਬੀ ਜਗੀਰ ਕੌਰ ਦਾ ਪੱਖ ਵੀ ਸੁਨਣਗੇ। ਇਸ ਤੋਂ ਬਾਅਦ ਹੀ ਕਾਰਵਾਈ ਅੱਗੇ ਵਧਾਈ ਜਾਵੇਗੀ। ਇਸ ਲਈ ਇਹ ਮਾਮਲਾ ਹਰਜਿੰਦਰ ਸਿੰਘ ਧਾਮੀ ਵਲੋਂ ਮੁਆਫੀ ਮੰਗਣ ਦੇ ਬਾਵਜੂਦ ਵੀ ਅਜੇ ਹੱਲ ਨਹੀਂ ਹੋਇਆ।