ਅੰਮ੍ਰਿਤਸਰ, 13 ਦਸੰਬਰ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਬੀਬੀ ਜਗਰੀ ਕੌਰ ਅਤੇ ਔਰਤ ਵਰਗ ਤੋਂ ਲਿਖਤੀ ਮੁਆਫੀ ਮੰਗੀ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਲੈਟਰਪੈਡ ‘ਤੇ ਲਿਖੇ ਗਏ ਮੁਆਫੀਨਾਮੇ ਵਿਚ ਕਿਹਾ ਹੈ ਕਿ ਉਸ ਜਾਣੇ ਅਣਜਾਣੇ ਵਿਚ ਬੀਬੀ ਜਗੀਰ ਕੌਰ ਅਤੇ ਔਰਤ ਵਰਗ ਬਾਰੇ ਗਲਤ ਸ਼ਬਦਾਵਲੀ ਵਰਤੀ ਗਈ ਹੈ। ਇਸ ਲਈ ਉਹ ਔਰਤ ਵਰਗ ਅਤੇ ਬੀਬੀ ਜਗੀਰ ਕੌਰ ਤੋਂ ਨਿਮਰਤਾ ਸਾਹਿਬ ਖਿਮਾ ਜਾਚਨਾ ਕਰਦਾ ਹਾਂ। ਉਨ੍ਹਾਂ ਨੇ ਆਪਣੇ ਲਿਖਤੀਨਾਮੇ ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਇਸ ਸਬੰਧੀ ਜੋ ਹੁਕਮ ਹੋਣਗੇ, ਉਹ ਵੀ ਉਹ ਸਿਰਮੱਥੇ ਪ੍ਰਵਾਨ ਕਰੇਗਾ।
ਤੁਹਾਨੂੰ ਦੱਸ ਦੇਈਏ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਫੋਨ ‘ਤੇ ਗੱਲ ਕਰਦਿਆਂ ਔਰਤਾਂ ਬਾਰੇ ਗਲਤ ਸ਼ਬਦਾਵਲੀ ਵਰਤੀ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਆਡੀਓ ਵਿਚ ਹਰਜਿੰਦਰ ਸਿੰਘ ਧਾਮੀ ਨੇ ਔਰਤਾਂ ਬਾਰੇ ਬੋਲਦਿਆਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦੇ ਸੰਦਰਭ ਵਿਚ ਗਲਤ ਸ਼ਬਦਾਵਲੀ ਵਰਤੀ ਸੀ। ਐਡਵੋਕੇਟ ਧਾਮੀ ਦੀ ਇਹ ਆਡੀਓ ਵਾਇਰਲ ਹੋਣ ਪਿਛੋਂ ਸਿੱਖ ਸੰਸਥਾਵਾਂ ਅਤੇ ਔਰਤਾਂ ਦੀਆਂ ਸੰਸਥਾਵਾਂ ਵਲੋਂ ਇਸ ‘ਤੇ ਸਖਤ ਪ੍ਰਤੀਕਰਮ ਪ੍ਰਗਟ ਕੀਤੇ ਗਏ। ਕਈ ਸਿੱਖ ਆਗੂਆਂ ਨੇ ਐਡਵੋਕੇਟ ਧਾਮੀ ਖਿਲਾਫ ਕਾਰਵਾਈ ਦੀ ਵੀ ਮੰਗ ਕੀਤੀ ਸੀ। ਇਹ ਮਾਮਲਾ ਭਖਣ ਪਿਛੋਂ ਹਰਜਿੰਦਰ ਸਿੰਘ ਧਾਮੀ ਨੇ ਤੁਰੰਤ ਆਪਣੀ ਗਲਤੀ ਮੰਨਦਿਆਂ ਮੁਆਫੀ ਮੰਗ ਲਈ ਹੈ।
ਕੁੱਝ ਸਮਾ ਪਹਿਲਾਂ ਹੀ ਹੋਈਆਂ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਜਿੱਤ ਹਾਸਲ ਕੀਤੀ ਸੀ ਅਤੇ ਇਨ੍ਹਾਂ ਚੋਣਾ ਵਿਚ ਬੀਬੀ ਜਗੀਰ ਕੌਰ ਵੀ ਉਮੀਦਵਾਰ ਸਨ। ਹਰਜਿੰਦਰ ਸਿੰਘ ਧਾਮੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸਨ ਅਤੇ ਬੀਬੀ ਜਗੀਰ ਕੌਰ ਨੂੰ ਸੁਖਬੀਰ ਸਿੰਘ ਬਾਦਲ ਦੇ ਵਿਰੋਧੀਆਂ ਵਲੋਂ ਹਮਾਇਤ ਦੇ ਕੇ ਉਮੀਦਵਾਰ ਐਲਾਨਿਆ ਗਿਆ ਸੀ। ਪਰ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਵਿਚ ਬੀਬੀ ਜਗੀਰ ਕੌਰ ਹਾਰ ਗਏ ਸਨ।
ਇਸ ਲਈ ਹੁਣ ਹਰਜਿੰਦਰ ਸਿੰਘ ਧਾਮੀ ਵਲੋਂ ਆਪਣੀ ਆਡੀਓ ਵਿਚ ਬੀਬੀ ਜਗੀਰ ਕੌਰ ਖਿਲਾਫ ਗਲਤ ਸ਼ਬਦਾਵਲੀ ਵਰਤਣ ਖਿਲਾਫ ਸੁਖਬੀਰ ਸਿੰਘ ਬਾਦਲ ਦੇ ਵਿਰੋਧੀਆਂ ਵਲੋਂ ਜਿਆਦਾ ਹਵਾ ਦਿੱਤੀ ਜਾ ਰਹੀ ਸੀ। ਅੱਜ ਹੀ ਅਜੇ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲੱਗੀ ਸੇਵਾ ਪੂਰੀ ਕੀਤੀ ਹੈ। ਅੱਜ ਸੇਵਾ ਪੂਰੀ ਕਰਨ ਪਿਛੋਂ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਅਰਦਾਸ ਕੀਤੀ ਸੀ। ਅੱਜ ਹੀ ਧਾਮੀ ਦੀ ਆਡੀਓ ਵਾਇਰਲ ਹੋਣ ਦਾ ਵਿਵਾਦ ਸ਼ੁਰੂ ਹੋ ਗਿਆ। ਇਸ ਲਈ ਹਰਜਿੰਦਰ ਸਿੰਘ ਧਾਮੀ ਨੇ ਇਸ ਵਿਵਾਦ ਨੂੰ ਇਥੇ ਹੀ ਖਤਮ ਕਰਨ ਦੀ ਕੋਸ਼ਿਸ਼ ਕਰਦਿਆਂ ਅੱਜ ਲਿਖਤੀ ਮੁਆਫੀ ਮੰਗ ਲਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਬੀਬੀ ਜਗੀਰ ਕੌਰ ਅਤੇ ਹੋਰ ਸਿੱਖ ਆਗੂ ਹਰਜਿੰਦਰ ਸਿੰਘ ਧਾਮੀ ਦੀ ਇਸ ਮੁਆਫੀ ਨੂੰ ਕਿੰਨਾ ਕੁ ਮੰਨਦੇ ਹਨ। ਅਗਲੇ ਦਿਨਾਂ ਵਿਚ ਇਹ ਵਿਵਾਦ ਕੀ ਰੂਪ ਅਖਤਿਆਰ ਕਰਦਾ ਹੈ, ਇਹ ਅਗਲੇ ਦਿਨਾਂ ਵਿਚ ਹੀ ਪਤਾ ਲੱਗੇਗਾ।