Sunday, March 23Malwa News
Shadow

ਗਰੀਬ ਪਰਿਵਾਰ ਦੇ ਮੁਖੀ ਦੀ ਮੌਤ ‘ਤੇ ਮਿਲਣਗੇ 20 ਹਜਾਰ ਰੁਪਏ

ਚੰਡੀਗੜ੍ਹ, 7 ਮਾਰਚ: ਪੰਜਾਬ ਸਰਕਾਰ ਵੱਲੋਂ ਗਰੀਬ ਪਰਿਵਾਰਾਂ ਦੀ ਸਹਾਇਤਾ ਲਈ ਰਾਸ਼ਟਰੀ ਪਰਿਵਾਰਿਕ ਲਾਭ ਸਕੀਮ ਤਹਿਤ ਘਰ ਦੇ ਕਮਾਉ ਮੁੱਖੀ ਦੀ ਮੌਤ ਹੋ ਜਾਣ ‘ਤੇ ਪਰਿਵਾਰ ਨੂੰ 20,000/- ਰੁਪਏ ਦੀ ਯੱਕ-ਮੁਸ਼ਤ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਮੌਤ (ਕੁਦਰਤੀ ਜਾਂ ਹੋਰ ਕਾਰਨ ਕਰਕੇ) ਹੋਣ ਦੀ ਸਥਿਤੀ ਵਿੱਚ ਗਰੀਬ ਪਰਿਵਾਰ ਨਿਰਧਾਰਿਤ ਯੋਗਤਾਵਾਂ ਪੂਰੀ ਕਰਨ ‘ਤੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਵਿੱਚ ਕੋਈ ਮਹਿਲਾ, ਜੋ ਘਰ ਦੀ ਆਮਦਨ ਦਾ ਸਰੋਤ ਹੋਵੇ, ਉਹ ਵੀ ਘਰ ਦੀ ਕਮਾਉ ਮੁੱਖੀ ਮੰਨੀ ਜਾਵੇਗੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਇਹ ਮਦਦ ਦਿੱਤੀ ਜਾਵੇਗੀ।
ਇਸ ਸਕੀਮ ਅਧੀਨ ਪਰਿਵਾਰ ਸ਼ਬਦ ਵਿੱਚ ਪਤੀ-ਪਤਨੀ, ਛੋਟੇ ਬੱਚੇ, ਅਣ-ਵਿਆਹੀਆਂ ਲੜਕੀਆਂ, ਆਸ਼ਰਿਤ ਮਾਤਾ-ਪਿਤਾ ਕਵਰ ਹੋਣਗੇ। ਜੇਕਰ ਅਣਵਿਆਹੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸ ਦੇ ਪਰਿਵਾਰ ਵਿੱਚ ਛੋਟੇ ਭਰਾ/ਭੈਣ ਜਾਂ ਆਸ਼ਰਿਤ ਮਾਤਾ-ਪਿਤਾ ਨੂੰ ਇਹ ਸਹਾਇਤਾ ਮਿਲੇਗੀ। ਇਹ ਵੀ ਜ਼ਿਕਰਯੋਗ ਹੈ ਕਿ ਕਮਾਊ ਮੁੱਖੀ ਦੀ ਮੋਤ 18 ਸਾਲ ਤੋਂ ਵੱਧ ਅਤੇ 60 ਸਾਲ ਤੋਂ ਘੱਟ ਉਮਰ ਵਿੱਚ ਹੋਈ ਹੋਵੇ। ਇਹ ਵੀ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਕਮਾਊਂ ਮੁੱਖੀ ਦੀ ਮੋਤ ਦੇ ਹਰੇਕ ਮਾਮਲੇ ਵਿੱਚ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ 2011 ਦੀ ਜਨਗਣਨਾ ਅਨੁਸਾਰ ਜੋ ਪਰਿਵਾਰ ਗਰੀਬੀ ਰੇਖਾ ਤੋਂ ਨੀਚੇ ਅਤੇ ਸਮਾਜਿਕ ਆਰਥਿਕ ਜਾਤੀ ਅਧੀਨ ਕਵਰ ਹੂੰਦੇ ਹਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ। ਮੰਤਰੀ ਨੇ ਆਖਰ ਵਿੱਚ ਕਿਹਾ ਕਿ ਇਹ ਯੋਜਨਾ ਪੰਜਾਬ ਸਰਕਾਰ ਦੀ ਸਮਾਜਿਕ ਭਲਾਈ ਵੱਲ ਇੱਕ ਹੋਰ ਵੱਡਾ ਕਦਮ ਹੈ, ਜਿਸ ਤੋਂ ਲਾਭ ਲੈਣ ਲਈ ਪਾਤਰ ਲੋਕ ਆਪਣੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

Basmati Rice Advertisment