Sunday, March 23Malwa News
Shadow

2022 ਦੀਆਂ ਚੋਣਾਂ ਲਈ ਬਰਨਾਲਾ ਤੋਂ ਭਾਜਪਾ ਦੇ ਉਮੀਦਵਾਰ ਧੀਰਜ ਦਦਾਹੂਰ ਹੋਏ ਆਪ ਵਿੱਚ ਸ਼ਾਮਲ

ਬਰਨਾਲਾ, 4 ਨਵੰਬਰ : ਬਰਨਾਲਾ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਇੱਥੇ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਬਰਨਾਲਾ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇੱਥੋਂ ਭਾਜਪਾ ਦੇ ਉਮੀਦਵਾਰ ਧੀਰਜ ਕੁਮਾਰ ਦਦਾਹੂਰ  ਸੋਮਵਾਰ ਨੂੰ ‘ਆਪ’ ਵਿੱਚ ਸ਼ਾਮਲ ਹੋ ਗਏ। 

ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਰਸਮੀ ਤੌਰ ‘ਤੇ ਪਾਰਟੀ ‘ਚ ਸ਼ਾਮਲ ਕੀਤਾ ਅਤੇ ਸਵਾਗਤ ਕੀਤਾ। ਧੀਰਜ ਦਦਾਹੂਰ 26 ਸਾਲ ਤੱਕ ਭਾਜਪਾ ਵਿੱਚ ਰਹੇ।  ਉਹ 1988 ਤੋਂ ਆਰਐਸਐਸ ਨਾਲ ਵੀ ਜੁੜੇ ਹੋਏ ਸਨ। ਉਹ ਭਾਜਪਾ ਦੇ ਬਰਨਾਲਾ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਉਹ ਇਲਾਕੇ ਦਾ ਨਾਮਵਰ ਕਮਿਸ਼ਨ ਏਜੰਟ ਅਤੇ ਰਾਈਸ ਸ਼ੈਲਰ ਹਨ ਅਤੇ ਕਮਿਸ਼ਨ ਏਜੰਟ ਐਸੋਸੀਏਸ਼ਨ ਬਰਨਾਲਾ ਦੇ ਚੁਣੇ ਹੋਏ ਪ੍ਰਧਾਨ ਰਹਿ ਚੁੱਕੇ ਹਨ। ਉਹ ਪੰਜਾਬ ਵਿੱਚ ਭਾਜਪਾ ਦੇ ਕਈ ਵਿਧਾਨ ਸਭਾ ਅਤੇ ਲੋਕ ਸਭਾ ਹਲਕਿਆਂ ਦੇ ਇੰਚਾਰਜ ਵੀ ਰਹਿ ਚੁੱਕੇ ਹਨ।

ਧੀਰਜ ਦਦਾਹੂਰ ਦੇ ਨਾਲ-ਨਾਲ ਬਰਨਾਲਾ ਨਗਰ ਕੌਂਸਲ ਵਿੱਚ ਭਾਜਪਾ ਦੇ ਕੌਂਸਲਰ ਨੀਰਜ ਅਤੇ ਸਾਬਕਾ ਕੌਂਸਲਰ ਸਰੋਜ ਰਾਣੀ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਸ ਤੋਂ ਇਲਾਵਾ ਵਾਲਮੀਕੀ ਸਮਾਜ ਦੇ ਕੌਮੀ ਪ੍ਰਧਾਨ ਰਿੰਕਾ ਬਾਹਮਣੀਆ ਅਤੇ ਅਕਾਲੀ ਦਲ ਬਾਦਲ ਦੇ ਆਗੂ ਗੁਰਨਾਮ ਸਿੰਘ ਵਾਹਿਗੁਰੂ ਸਮੇਤ ਕਈ ਹੋਰ ਲੋਕ ਵੀ ਪਾਰਟੀ ਵਿੱਚ ਸ਼ਾਮਲ ਹੋਏ।

ਇਸ ਮੌਕੇ ਪਾਰਟੀ ਦਫ਼ਤਰ ਤੋਂ ਜਾਰੀ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਧੀਰਜ  ਦਦਾਹੂਰ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਬਰਨਾਲਾ ਜ਼ਿਲ੍ਹੇ ਵਿੱਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ। ਅਸੀਂ ਮਿਲ ਕੇ ਪੰਜਾਬ ਦੀ ਬਿਹਤਰੀ ਲਈ ਕੰਮ ਕਰਾਂਗੇ ਅਤੇ ਸੂਬੇ ਦਾ ਵਿਕਾਸ ਕਰਾਂਗੇ।  ਉਨ੍ਹਾਂ ਦਾਅਵਾ ਕੀਤਾ ਕਿ ਬਰਨਾਲਾ ਵਿੱਚ ‘ਆਪ’ ਉਮੀਦਵਾਰ ਵੱਡੇ ਫ਼ਰਕ ਨਾਲ ਜਿੱਤ ਰਿਹਾ ਹੈ।

Basmati Rice Advertisment