
ਫਿਰੋਜ਼ਪੁਰ, 23 ਜਨਵਰੀ : ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਗਣਤੰਤਰ ਦਿਵਸ ਮੌਕੇ ਕੀਤੇ ਜਾ ਰਹੇ ਸਖਤ ਸੁਰੱਖਿਆ ਪ੍ਰਬੰਧਾਂ ਦੇ ਨਿਰੀਖਣ ਲਈ ਅੱਜ ਜਿਲਾ ਫਿਰੋਜ਼ਪੁਰ ਦਾ ਦੌਰਾਨ ਕੀਤਾ। ਇਸ ਦੌਰਾਨ ਪੁਲੀਸ ਮੁਖੀ ਨੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਵਿਚ ਜਿਲਾ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਅਤੇ ਮੋਗਾ ਦੇ ਪੁਲੀਸ ਅਧਿਕਾਰੀ ਸ਼ਾਮਲ ਹੋਏ।
ਇਸ ਮੌਕੇ ਸੰਬੋਧਨ ਕਰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਪਾਕਿਸਤਾਨੀ ਸਰਹੱਦ ਤੋਂ ਹਥਿਆਰ ਅਤੇ ਨਸ਼ਾ ਸਪਲਾਈ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਸ ਲਈ ਸਰਹੱਦ ਪਾਰੋਂ ਆ ਰਹੇ ਨਸ਼ੇ ਅਤੇ ਹਥਿਆਰਾਂ ਨੂੰ ਨਕੇਲ ਪਾਉਣ ਲਈ ਸਖਤੀ ਵਰਤੀ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਖਤ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਪੰਜਾਬ ਵਿਚ ਅਪਰਾਧਿਕ ਗਤੀਵਿਧੀਆਂ ਦਾ ਬਿੱਲਕੁੱਲ ਖਾਤਮਾ ਕਰਨ ਲਈ ਹਰ ਇਲਾਕੇ ਵਿਚ ਚੌਕਸੀ ਵਰਤੀ ਜਾਣੀ ਚਾਹੀਦੀ ਹੈ।
ਪੁਲੀਸ ਮੁਖੀ ਨੇ ਕਿਹਾ ਕਿ ਗਣਤੰਤਰ ਦਿਵਸ ਮੌਕੇ ਕੁੱਝ ਸ਼ਰਾਰਤੀ ਅਨਸਰ ਅਮਨ ਕਾਨੂੰਨ ਦੀ ਸਥਿੱਤੀ ਭੰਗ ਕਰ ਸਕਦੇ ਹਨ। ਇਸ ਲਈ ਸ਼ਰਾਰਤੀ ਅਨਸਰਾਂ ‘ਤੇ ਨਕੇਲ ਕਸੀ ਜਾਵੇ। ਉਨ੍ਹਾਂ ਨੇ ਸਖਤੀ ਨਾਲ ਹਦਾਇਤ ਕੀਤੀ ਕਿ ਸ਼ਰਾਰਤੀ ਅਨਸਰਾਂ ਨਾਲ ਕਿਸੇ ਵੀ ਤਰਾਂ ਦੀ ਰਿਆਇਤ ਨਾ ਵਰਤੀ ਜਾਵੇ।