Thursday, November 7Malwa News
Shadow

ਤਿਉਹਾਰਾਂ ਦੌਰਾਨ ਬੇਲੋੜੀ ਮਠਿਆਈ ਖਾਣ ਤੋਂ ਬਾਅਦ ਸਰੀਰ ਨੂੰ ਡਿਟੌਕਸੀਫਾਈ ਕਿਵੇਂ ਕਰੀਏ?

ਭਾਰਤ ਤਿਉਹਾਰਾਂ ਦਾ ਦੇਸ਼ ਹੈ ਅਤੇ ਇੱਥੇ ਕੋਈ ਵੀ ਤਿਉਹਾਰ ਮਿਠਾਈਆਂ ਤੋਂ ਬਿਨਾਂ ਅਧੂਰਾ ਹੈ। ਜਦੋਂ ਦੇਸ਼ ਦੇ ਸਭ ਤੋਂ ਵੱਡੇ ਤਿਉਹਾਰ ਦੀਵਾਲੀ ਦੀ ਗੱਲ ਹੋਵੇ ਤਾਂ ਅਸੀਂ ਨਾਂਹ-ਨਾਂਹ ਕਰਦੇ ਹੋਏ ਵੀ ਬਹੁਤ ਸਾਰੀਆਂ ਮਿਠਾਈਆਂ ਅਤੇ ਪਕਵਾਨ ਖਾ ਲੈਂਦੇ ਹਾਂ।
ਜ਼ਿਆਦਾ ਮਾਤਰਾ ਵਿੱਚ ਮਿਠਾਈ ਅਤੇ ਪਕਵਾਨ ਖਾਣ ਨਾਲ ਹਾਜ਼ਮਾ ਖਰਾਬ ਹੋ ਸਕਦਾ ਹੈ। ਇਸ ਨਾਲ ਕਈ ਵਾਰ ਬਦਹਜ਼ਮੀ, ਪੇਟ ਦਰਦ ਅਤੇ ਮਤਲੀ ਦੀ ਸਮੱਸਿਆ ਹੋ ਸਕਦੀ ਹੈ। ਅਸਲ ਵਿੱਚ ਇਨ੍ਹਾਂ ਇੱਕ-ਦੋ ਦਿਨਾਂ ਵਿੱਚ ਸਾਡੇ ਸਰੀਰ ਵਿੱਚ ਇੰਨਾ ਸਾਰਾ ਮੈਦਾ, ਖੰਡ ਅਤੇ ਚਰਬੀ ਜਮ੍ਹਾ ਹੋ ਜਾਂਦੀ ਹੈ ਕਿ ਇਹ ਸਰੀਰ ਵਿੱਚ ਜ਼ਹਿਰ ਵਾਂਗ ਪ੍ਰਤੀਕਿਰਿਆ ਕਰਦੀ ਹੈ। ਬਹੁਤ ਮਿੱਠਾ ਅਤੇ ਨਮਕੀਨ ਖਾਣ ਨਾਲ ਬਲੱਡ ਸ਼ੂਗਰ ਲੈਵਲ ਅਤੇ ਬੀ.ਪੀ. ਵੱਧ ਜਾਂਦੇ ਹਨ। ਇਸ ਲਈ ਸਰੀਰ ਇਨ੍ਹਾਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਨਤੀਜੇ ਵਜੋਂ ਉਲਟੀ ਅਤੇ ਪੇਟ ਖਰਾਬ ਦੀ ਸਮੱਸਿਆ ਹੋ ਸਕਦੀ ਹੈ।
ਜੇ ਅਸੀਂ ਚਾਹੀਏ ਤਾਂ ਆਪਣੀ ਜੀਵਨਸ਼ੈਲੀ ਅਤੇ ਖਾਣ-ਪੀਣ ਵਿੱਚ ਕੁਝ ਬਦਲਾਅ ਕਰਕੇ ਸਰੀਰ ਨੂੰ ਇਸ ਡੀਟੌਕਸ ਕਰ ਸਕਦੇ ਹਾਂ। ਇਸ ਨਾਲ ਅਸੀਂ ਕਿਸੇ ਵੀ ਅਣਚਾਹੀ ਸਥਿਤੀ ਤੋਂ ਬਚ ਸਕਦੇ ਹਾਂ।
ਇਸ ਵੇਲੇ ਡੀਟੌਕਸੀਫਿਕੇਸ਼ਨ ਸ਼ਬਦ ਬਹੁਤ ਚਰਚਿਤ ਹੈ। ਤਿਉਹਾਰੀ ਸੀਜ਼ਨ ਵਿੱਚ ਕਈ ਮਾਹਿਰ ਸੋਸ਼ਲ ਮੀਡੀਆ ਰੀਲਜ਼ ਅਤੇ ਛੋਟੀਆਂ ਵੀਡੀਓਜ਼ ਵਿੱਚ ਇਸ ਬਾਰੇ ਗੱਲ ਕਰਦੇ ਮਿਲ ਜਾਣਗੇ। ਇਸਦਾ ਸਿੱਧਾ ਅਰਥ ਹੈ, ਸਰੀਰ ਵਿੱਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ।
ਸਰੀਰ ਵਿੱਚ ਹਰ ਉਹ ਚੀਜ਼ ਜ਼ਹਿਰੀਲੀ ਹੁੰਦੀ ਹੈ, ਜਿਸ ਨਾਲ ਸਰੀਰ ਨੂੰ ਨੁਕਸਾਨ ਹੋ ਰਿਹਾ ਹੈ। ਇਹ ਜ਼ਹਿਰੀਲੇ ਪਦਾਰਥ ਕਿਸੇ ਬੀਮਾਰੀ ਕਾਰਨ ਪੈਦਾ ਹੋ ਸਕਦੇ ਹਨ ਜਾਂ ਫਿਰ ਸਾਡੇ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਰਾਹੀਂ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ। ਸਰੀਰ ਇਨ੍ਹਾਂ ਨੂੰ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਇਸ ਨੂੰ ਡੀਟੌਕਸੀਫਿਕੇਸ਼ਨ ਕਹਿੰਦੇ ਹਨ। ਅਸੀਂ ਇਸ ਕੰਮ ਵਿੱਚ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਖੁਦ ਹੀ ਮਦਦਗਾਰ ਸਾਬਤ ਹੋ ਸਕਦੇ ਹਾਂ।
ਸੋਸ਼ਲ ਮੀਡੀਆ ‘ਤੇ ਰੀਲਜ਼ ਦੇਖ ਕੇ ਲੋਕਾਂ ਦੀ ਸਮਝ ਇਹ ਬਣੀ ਹੈ ਕਿ ਡੀਟੌਕਸੀਫਿਕੇਸ਼ਨ ਵਿੱਚ ਇੱਕ ਖਾਸ ਤਰ੍ਹਾਂ ਦੀ ਖੁਰਾਕ ਲਈ ਜਾਂਦੀ ਹੈ ਅਤੇ ਤਰਲ ਪਦਾਰਥਾਂ ਦੀ ਮਾਤਰਾ ਵਧਾ ਦਿੱਤੀ ਜਾਂਦੀ ਹੈ। ਜਦਕਿ ਇਸਦਾ ਸਹੀ ਮਤਲਬ ਇਹ ਹੈ ਕਿ ਇਸ ਪ੍ਰਕਿਰਿਆ ਵਿੱਚ ਅੰਦਰੂਨੀ ਅੰਗਾਂ ਨੂੰ ਆਰਾਮ ਦਿੱਤਾ ਜਾਂਦਾ ਹੈ। ਘੱਟ-ਤੋਂ-ਘੱਟ ਭੋਜਨ ਕੀਤਾ ਜਾਂਦਾ ਹੈ ਅਤੇ ਹਲਕਾ ਭੋਜਨ ਕੀਤਾ ਜਾਂਦਾ ਹੈ। ਇਹ ਸਰੀਰ ਦੇ ਕੰਮਕਾਜ ਵਿੱਚ ਸੰਤੁਲਨ ਵਾਪਸ ਲਿਆਉਣ ਦੀ ਇੱਕ ਕੋਸ਼ਿਸ਼ ਹੈ।
ਇਸ ਪ੍ਰਕਿਰਿਆ ਵਿੱਚ ਸਿਰਫ਼ ਖਾਣ-ਪੀਣ ਵਿੱਚ ਬਦਲਾਅ ਹੀ ਨਹੀਂ ਕਰਨੇ ਹੁੰਦੇ, ਸਗੋਂ ਪੂਰੀ ਜੀਵਨਸ਼ੈਲੀ ਵਿੱਚ ਬਦਲਾਅ ਕਰਨੇ ਹੁੰਦੇ ਹਨ। ਇਸ ਵਿੱਚ ਸਵੇਰ ਦੀ ਕਸਰਤ ਤੋਂ ਲੈ ਕੇ ਰਾਤ ਵਿੱਚ ਚੰਗੀ ਨੀਂਦ ਲੈਣ ਤੱਕ ਹਰ ਛੋਟੀ ਗੱਲ ਦਾ ਖਿਆਲ ਰੱਖਣਾ ਹੁੰਦਾ ਹੈ ਅਤੇ ਸੁਧਾਰ ਕਰਨਾ ਹੁੰਦਾ ਹੈ।
ਦੁਨੀਆ ਦਾ ਸਭ ਤੋਂ ਵਧੀਆ ਡਿਟੌਕਸਿੰਗ ਏਜੰਟ ‘ਪਾਣੀ’ ਹੈ। ਇਹ ਸਾਡੇ ਸਰੀਰ ਵਿੱਚ ਜ਼ਹਿਰੀਲੇ ਪਦਾਰਥਾਂ ਤੋਂ ਹੋਏ ਨੁਕਸਾਨ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਇਸ ਨੁਕਸਾਨ ਨੂੰ ਠੀਕ ਕਰਨ ਲਈ ਸਰੀਰ ਨੂੰ ਬਹੁਤ ਊਰਜਾ ਦੀ ਲੋੜ ਹੁੰਦੀ ਹੈ, ਜਦੋਂ ਕਿ ਇਸ ਸਮੇਂ ਅਸੀਂ ਘੱਟ ਭੋਜਨ ਕਰ ਰਹੇ ਹੁੰਦੇ ਹਾਂ। ਅਜਿਹੀ ਸਥਿਤੀ ਵਿੱਚ ਪਾਣੀ ਸਾਡੇ ਸਾਨੂੰ ਪਹਿਲਾਂ ਖਾਧੀਆਂ ਚੀਜ਼ਾਂ ਨੂੰ ਊਰਜਾ ਦੇ ਰੂਪ ਵਿੱਚ ਬਦਲਣ ਵਿੱਚ ਮੱਦਦ ਕਰਦਾ ਹੈ।
ਇਸ ਤੋਂ ਇਲਾਵਾ ਸਰੀਰ ਵਿੱਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਕੂੜੇ ਦੇ ਰੂਪ ਵਿੱਚ ਬਾਹਰ ਕੱਢਣ ਲਈ ਵੀ ਪਾਣੀ ਦੀ ਲੋੜ ਹੁੰਦੀ ਹੈ। ਇਹ ਪਿਸ਼ਾਬ ਜਾਂ ਮਲ ਦੇ ਨਾਲ ਬਾਹਰ ਨਿਕਲਦੇ ਹਨ। ਇਸ ਲਈ ਇਸ ਦੌਰਾਨ ਰੋਜ਼ਾਨਾ ਪਾਣੀ ਦੀ ਲੋੜ ਤੋਂ 2 ਗਲਾਸ ਵੱਧ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਦੀਵਾਲੀ ਦੌਰਾਨ ਖਾਧੇ ਗਏ ਪਕਵਾਨ ਅਤੇ ਮਿਠਾਈਆਂ ਨਾਲ ਸਾਡੇ ਸਰੀਰ ਵਿੱਚ ਵਾਧੂ ਊਰਜਾ ਅਤੇ ਚਰਬੀ ਜਮ੍ਹਾ ਹੋ ਜਾਂਦੀ ਹੈ। ਇਨ੍ਹਾਂ ਵਾਧੂ ਕੈਲਰੀਆਂ ਨੂੰ ਬਰਨ ਕਰਨ ਲਈ ਕਸਰਤ ਸੌਖਾ ਉਪਾਅ ਹੈ। ਜੇ ਕਸਰਤ ਕਰਨ ਵਿੱਚ ਸਮੱਸਿਆ ਹੋ ਰਹੀ ਹੈ ਤਾਂ ਲੰਬੀ ਸੈਰ ‘ਤੇ ਨਿਕਲ ਸਕਦੇ ਹੋ। ਇਸ ਦੌਰਾਨ ਨਿਕਲੇ ਪਸੀਨੇ ਨਾਲ ਵੀ ਬਹੁਤ ਸਾਰੇ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।
ਸਾਡੇ ਸਰੀਰ ਵਿੱਚ ਸਭ ਤੋਂ ਵੱਧ ਸੁਧਾਰ ਨੀਂਦ ਦੇ ਸਮੇਂ ਦੌਰਾਨ ਹੁੰਦਾ ਹੈ। ਨੀਂਦ ਸਾਡੇ ਸਰੀਰ ਦਾ ਸੁਪਰਡਿਟੌਕਸ ਫੰਕਸ਼ਨ ਹੈ। ਇਸ ਦੌਰਾਨ ਜ਼ਿਆਦਾਤਰ ਅੰਗ ਦਿਨ ਭਰ ਵਿੱਚ ਹੋਏ ਨੁਕਸਾਨ ਨੂੰ ਠੀਕ ਕਰਦੇ ਹਨ। ਹੁਣ ਕਿਉਂਕਿ ਤਿਉਹਾਰ ਦੇ ਸਮੇਂ ਸਾਡੇ ਸਰੀਰ ਨੂੰ ਜ਼ਹਿਰੀਲੇ ਪਦਾਰਥਾਂ ਨੇ ਵਧੇਰੇ ਨੁਕਸਾਨ ਪਹੁੰਚਾਇਆ ਹੈ, ਇਸ ਲਈ ਇਸ ਨੂੰ ਠੀਕ ਕਰਨ ਲਈ ਵਧੇਰੇ ਸਮਾਂ ਸੌਣ ਦੀ ਵੀ ਲੋੜ ਹੈ। ਇਹੀ ਕਾਰਨ ਹੈ ਕਿ ਡਿਟੌਕਸੀਫਿਕੇਸ਼ਨ ਦੌਰਾਨ ਇੱਕ ਘੰਟੇ ਦੀ ਵਾਧੂ ਨੀਂਦ ਦੀ ਸਲਾਹ ਦਿੱਤੀ ਜਾਂਦੀ ਹੈ।
‘ਪ੍ਰੋਬਾਇਓਟਿਕਸ’ ਪੌਸ਼ਟਿਕ ਤੱਤਾਂ ਦੇ ਸੋਖਣ ਅਤੇ ਪਾਚਨ ਵਿੱਚ ਮਦਦ ਕਰਦੇ ਹਨ। ਇਹ ਸਾਡੇ ਪੇਟ ਵਿੱਚ ਸਿਹਤਮੰਦ ਬੈਕਟੀਰੀਆ ਦੇ ਵਾਧੇ ਨੂੰ ਵੀ ਉਤਸ਼ਾਹਿਤ ਕਰਦੇ ਹਨ ਅਤੇ ਪਾਚਨ ਪ੍ਰਣਾਲੀ ਨੂੰ ਵੀ ਬਿਹਤਰ ਬਣਾਉਂਦੇ ਹਨ। ਅਸੀਂ ਜਾਣਦੇ ਹਾਂ ਕਿ ਤਿਉਹਾਰਾਂ ਵਿੱਚ ਸਭ ਤੋਂ ਵੱਧ ਨੁਕਸਾਨ ਸਾਡੀ ਪਾਚਨ ਪ੍ਰਣਾਲੀ ਨੂੰ ਹੀ ਹੁੰਦਾ ਹੈ। ਇਸ ਲਈ ਪ੍ਰੋਬਾਇਓਟਿਕ ਭੋਜਨ ਦਾ ਢੁਕਵੀਂ ਮਾਤਰਾ ਵਿੱਚ ਸੇਵਨ ਬਹੁਤ ਜ਼ਰੂਰੀ ਹੈ। ਇਹ ਇਮਿਊਨ ਸਿਸਟਮ ਨੂੰ ਵੀ ਮਜ਼ਬੂਤੀ ਦਿੰਦੇ ਹਨ।
ਹੁਣ ਤੁਸੀਂ ਸੋਚਦੇ ਹੋਵੋਗੇ ਕਿ ਪ੍ਰੋਬਿਾਇਓਟਿਕਸ ਕੀ ਹੁੰਦਾ ਹੈ।
ਪ੍ਰੋਬਾਇਓਟਿਕਸ ਜੀਵਿਤ ਸੂਖਮ ਜੀਵ (ਬੈਕਟੀਰੀਆ ਅਤੇ ਖਮੀਰ) ਹੁੰਦੇ ਹਨ ਜੋ ਤੁਹਾਡੇ ਸਰੀਰ ਲਈ ਫਾਇਦੇਮੰਦ ਹੁੰਦੇ ਹਨ। ਇਹ ਖ਼ਾਸ ਤੌਰ ‘ਤੇ ਪਾਚਨ ਪ੍ਰਣਾਲੀ ਲਈ ਲਾਭਦਾਇਕ ਹਨ। ਦਹੀਂ, ਕਿਣਵੀਆਂ ਸਬਜ਼ੀਆਂ, ਕਿਮਚੀ, ਕੌਂਬੁਚਾ ਆਦਿ ਪ੍ਰੋਬਾਓਟਿਕਸ ਦੇ ਕੁਦਰਤੀ ਸ੍ਰੋਤ ਹਨ। ਇਸ ਤੋਂ ਇਲਾਵਾ ਪ੍ਰੋਬਾਇਓਟਿਕਸ ਬਾਜ਼ਾਰ ਵਿਚੋਂ ਫੂਡ ਸਪਲੀਮੈਂਟ ਦੇ ਰੂਪ ਵਿਚ ਵੀ ਮਿਲ ਜਾਂਦਾ ਹੈ।
ਤਿਉਹਾਰਾਂ ਵਿੱਚ ਬਹੁਤ ਜ਼ਿਆਦਾ ਤਲਿਆ-ਭੁੰਨਿਆ ਖਾਣਾ, ਜੰਕ ਫੂਡ, ਸ਼ਰਾਬ ਅਤੇ ਤੰਬਾਕੂ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਫ੍ਰੀ ਰੈਡੀਕਲਜ਼ ਦੀ ਗਿਣਤੀ ਵੱਧ ਜਾਂਦੀ ਹੈ। ਇਹ ਫ੍ਰੀ ਰੈਡੀਕਲਜ਼ ਆਕਸੀਡੇਟਿਵ ਸਟ੍ਰੈੱਸ ਪੈਦਾ ਕਰਦੇ ਹਨ। ਨਤੀਜੇ ਵਜੋਂ ਸਾਡੇ ਸਰੀਰ ਦੀਆਂ ਸਿਹਤਮੰਦ ਸੈੱਲਾਂ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ।
ਇਸ ਤੋਂ ਬਚਣ ਲਈ ਐਂਟੀਆਕਸੀਡੈਂਟਸ ਸਭ ਤੋਂ ਕਾਰਗਰ ਹੁੰਦੇ ਹਨ। ਇਸ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, ਟਮਾਟਰ ਅਤੇ ਸਾਰੇ ਖੱਟੇ ਫਲ ਬਹੁਤ ਮਦਦਗਾਰ ਹੁੰਦੇ ਹਨ।
ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਬਹੁਤ ਮਦਦ ਕਰਦੀਆਂ ਹਨ। ਖਾਸ ਗੱਲ ਇਹ ਹੈ ਕਿ ਵਿਟਾਮਿਨ-ਸੀ ਖੁਦ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਵੀ ਹੁੰਦਾ ਹੈ। ਇਸ ਤੋਂ ਇਲਾਵਾ ਇਹ ਕਮਜ਼ੋਰ ਹੋਈ ਈਮਿਊਨਿਟੀ ਸ਼ਕਤੀ ਨੂੰ ਵੀ ਮਜ਼ਬੂਤ ਕਰਦਾ ਹੈ। ਇਸ ਲਈ ਅਸੀਂ ਖੱਟੇ ਫਲ ਖਾ ਸਕਦੇ ਹਾਂ ਜਾਂ ਇਨ੍ਹਾਂ ਦਾ ਜੂਸ ਬਣਾ ਕੇ ਪੀ ਸਕਦੇ ਹਾਂ।
ਸਭ ਤੋਂ ਸੌਖਾ ਅਤੇ ਸਸਤਾ ਉਪਾਅ ਹੈ ਨਿੰਬੂ-ਪਾਣੀ। ਜੇਕਰ ਦਿਨ ਭਰ ਵਿੱਚ ਦੋ ਨਿੰਬੂ ਦਾ ਰਸ ਵੀ ਪਾਣੀ ਦੇ ਨਾਲ ਪੀ ਰਹੇ ਹੋ ਤਾਂ ਡੀਟੌਕਸੀਫਿਕੇਸ਼ਨ ਦੀ ਪ੍ਰਕਿਰਿਆ ਬਹੁਤ ਸੌਖੀ ਹੋ ਜਾਵੇਗੀ।
ਬਹੁਤ ਸਾਰੀਆਂ ਮਿਠਾਈਆਂ ਅਤੇ ਪਕਵਾਨ ਖਾਣ ਨਾਲ ਹਾਰਮੋਨਜ਼ ਦਾ ਸੰਤੁਲਨ ਵਿਗੜ ਜਾਂਦਾ ਹੈ। ਇਸਦਾ ਸਭ ਤੋਂ ਵੱਧ ਅਸਰ ਦਿਮਾਗ ‘ਤੇ ਪੈਂਦਾ ਹੈ। ਇਸ ਕਾਰਨ ਚਿੜਚਿੜਾਪਣ ਅਤੇ ਗੁੱਸੇ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਵਿੱਚ ਸੰਤੁਲਨ ਬਣਾਉਣ ਵਿੱਚ ਮੈਡੀਟੇਸ਼ਨ ਤੋਂ ਮਦਦ ਮਿਲ ਸਕਦੀ ਹੈ। ਇਸਨੂੰ ਮਾਨਸਿਕ ਡੀਟੌਕਸ ਕਿਹਾ ਜਾਂਦਾ ਹੈ।
ਡੀਟੌਕਸੀਫਿਕੇਸ਼ਨ ਲਈ ਬਹੁਤ ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੁੰਦੀ। ਸਾਡੀ ਰਸੋਈ ਵਿੱਚ ਰੱਖੀਆਂ ਬਹੁਤ ਸਾਰੀਆਂ ਚੀਜ਼ਾਂ ਇਸ ਵਿੱਚ ਮਦਦ ਕਰ ਸਕਦੀਆਂ ਹਨ। ਰਸੋਈ ਵਿੱਚ ਰੱਖੇ ਨਿੰਬੂ, ਲਸਣ ਅਤੇ ਅਦਰਕ ਵੀ ਡੀਟੌਕਸ ਪ੍ਰਕਿਰਿਆ ਵਿੱਚ ਬਹੁਤ ਕਾਰਗਰ ਹਨ।