Tuesday, December 3Malwa News
Shadow

ਮਨੁੱਖੀ ਸਿਹਤ ਲਈ ਖਤਰਨਾਕ ਹੈ ਡੀ ਏ ਪੀ ਤੇ ਹੋਰ ਰਸਾਇਣਕ ਖਾਦਾਂ

ਚੰਡੀਗੜ੍ਹ 2 ਨਵੰਬਰ : ਅੱਜ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਮੁੱਦੇ ਦੀ ਜੋ ਹਰ ਪੰਜਾਬੀ ਦੇ ਜੀਵਨ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਹ ਮੁੱਦਾ ਹੈ ਡੀ.ਏ.ਪੀ. ਖਾਦ ਅਤੇ ਇਸਦੇ ਸਿਹਤ ‘ਤੇ ਪ੍ਰਭਾਵ।” “ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਦੇਸ਼ ਦਾ ਅੰਨ ਭੰਡਾਰ ਬਣਿਆ। ਪਰ ਇਸ ਸਫਲਤਾ ਨੇ ਨਾਲ ਹੀ ਰਸਾਇਣਕ ਖਾਦਾਂ ‘ਤੇ ਨਿਰਭਰਤਾ ਵੀ ਵਧਾ ਦਿੱਤੀ।”
ਜੇਕਰ ਡੀ ਏ ਪੀ ਖਾਦ ਦੀ ਵਰਤੋਂ ਦੇ ਅੰਕੜਿਆਂ ‘ਤੇ ਝਾਤ ਮਾਰੀਏ ਤਾਂ ਸਾਲ 1960 ਤੋਂ 70 ਦੇ ਦਹਾਕੇ ਦੌਰਾਨ ਕਣਕ ਦੀ ਬਿਜਾਈ ਦੌਰਾਨ ਪ੍ਰਤੀ ਏਕੜ ਦੋ ਕਿੱਲੋ ਡੀ ਏ ਪੀ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਬਾਅਦ 1980 ਤੋਂ 90 ਦੇ ਦਹਾਕੇ ਦੌਰਾਨ ਦੋ ਕਿੱਲੋ ਪ੍ਰਤੀ ਏਕੜ ਵਾਲੀ ਮਿਕਦਾਰ ਵਧ ਕੇ 25 ਕਿੱਲੋ ਪ੍ਰਤੀ ਏਕੜ ਹੋ ਗਈ। ਡੀ ਏ ਪੀ ਖਾਦ ਦੀ ਵਰਤੋਂ ਪਿਛਲੇ ਸਾਲਾਂ ਵਿਚ ਤਾਂ ਇੰਨੀ ਵਧ ਗਈ ਕਿ ਇਸ ਵੇਲੇ 80 ਕਿੱਲੋ ਤੋਂ ਲੈ ਕੇ ਇਕ ਕੁਇੰਟਲ ਪ੍ਰਤੀ ਏਕੜ ਤੱਕ ਡੀ ਏ ਪੀ ਖਾਦ ਪਾਈ ਜਾਣ ਲੱਗੀ ਹੈ।
ਇੰਨੀ ਜਿਆਦਾ ਮਾਤਰਾ ਵਿਚ ਡੀ.ਏ.ਪੀ ਖਾਦ ਦੀ ਵਰਤੋਂ ਸਾਡੀ ਸਿਹਤ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ। ਪਿਛਲੇ ਕੁੱਝ ਸਮੇਂ ਵਿਚ ਕੈਂਸਰ, ਗੁਰਦਿਆਂ ਦੀਆਂ ਬਿਮਾਰੀਆਂ ਅਤੇ ਦਿਲ ਦੇ ਰੋਗਾਂ ਵਿਚ ਹੋਏ ਲਗਾਤਾਰ ਵਾਧੇ ਵਿਚ ਡੀ ਏ ਪੀ ਖਾਦ ਦਾ ਵੀ ਬਹੁਤ ਵੱਡਾ ਯੋਗਦਾਨ ਹੈ।
ਜਦੋਂ ਕਣਕ ਦੀ ਬਿਜਾਈ ਮੌਕੇ ਅੰਨ੍ਹੇਵਾਹ ਡੀ ਏ ਪੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਖਾਦ ਦਾ ਇਹੀ ਅਸਰ ਕਣਕ ਪੱਕਣ ‘ਤੇ ਦਾਣਿਆਂ ਵਿਚ ਆਉਂਦਾ ਹੈ ਅਤੇ ਅਸੀਂ ਰੋਜ਼ਾਨਾਂ ਜੋ ਆਟੇ ਦੀ ਰੋਟੀ ਖਾਂਦੇ ਹਾਂ ਤਾਂ ਉਸ ਵਿਚ ਵੀ ਡੀ ਏ ਪੀ ਦਾ ਪੂਰਾ ਅਸਰ ਹੁੰਦਾ ਹੈ। ਡੀ ਏ ਪੀ ਇਕ ਅਜਿਹੀ ਖਾਦ ਹੈ, ਜਿਸਦਾ ਅਸਰ ਲੰਮੇ ਸਮੇਂ ਤੱਕ ਰਹਿੰਦਾ ਹੈ।
ਮੈਡੀਕਲ ਖੋਜਾਂ ਮੁਤਾਬਿਕ ਅੰਨ੍ਹੇਵਾਹ ਵਰਤੀਆਂ ਜਾ ਰਹੀਆਂ ਰਸਾਇਣਕ ਖਾਦਾਂ ਦੇ ਅੰਸ਼ ਸਾਡੇ ਭੋਜਨ ਵਿੱਚ ਸ਼ਾਮਲ ਹੋ ਰਹੇ ਹਨ। ਇਸ ਨਾਲ ਕਈ ਸਿਹਤ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਮੈਡੀਕਲ ਖੋਜ ਮੁਤਾਬਿਕ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਹੀ ਕੈਂਸਰ ਦੇ ਮਾਮਲਿਆਂ ‘ਚ 15% ਵਾਧਾ ਹੋਇਆ ਹੈ। ਇਸੇ ਤਰਾਂ ਗੁਰਦੇ ਦੀਆਂ ਬਿਮਾਰੀਆਂ ‘ਚ 12% ਵਾਧਾ ਹੋਇਆ ਹੈ ਅਤੇ ਚਮੜੀ ਦੀ ਐਲਰਜੀ ‘ਚ 20% ਵਾਧੇ ਦਾ ਕਾਰਨ ਰਸਾਇਣਕ ਖਾਦਾਂ ਹੀ ਹਨ।
ਅੱਜਕੱਲ੍ਹ ਪੜ੍ਹੇਲਿਖੇ ਕਿਸਾਨ ਵੀ ਭਾਵੇਂ ਇਨ੍ਹਾਂ ਤੱਥਾਂ ਨੂੰ ਸਮਝਣ ਲੱਗ ਪਏ ਨੇ, ਪਰ ਫਿਰ ਵੀ ਬਹੁਗਿਣਤੀ ਕਿਸਾਨ ਪਿਛਲੇ ਸਾਲਾਂ ਤੋਂ ਰਸਾਇਣਕ ਖਾਦਾਂ ਦੀ ਵਰਤੋਂ ਧੜੱਲੇ ਨਾਲ ਕਰ ਰਹੇ ਨੇ।
ਲਗਾਤਾਰ ਹੋ ਰਹੀਆਂ ਖੋਜਾਂ ਪਿਛੋਂ ਹੁਣ ਖੇਤੀਬਾੜੀ ਮਾਹਿਰਾਂ ਵਲੋਂ ਇਹ ਤੱਥ ਸਾਹਮਣੇ ਲਿਆਂਦੇ ਜਾ ਰਹੇ ਹਨ ਕਿ ਸਾਨੂੰ ਰਸਾਇਣਕ ਖਾਦਾਂ ਦੀ ਵਰਤੋਂ ਘਟਾਉਣੀ ਚਾਹੀਦੀ ਹੈ। ਇਸ ਨਾਲ ਕੇਵਲ ਮਨੁੱਖੀ ਸਿਹਤ ਉੱਪਰ ਹੀ ਮਾੜਾ ਪ੍ਰਭਾਵ ਨਹੀਂ ਪੈਂਦਾ, ਸਗੋਂ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ‘ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਡੀ ਏ ਪੀ ਦੀ ਜਿਆਦਾ ਵਰਤੋਂ ਨਾਲ ਜ਼ਮੀਨ ਵਿਚ ਜਰੂਰੀ ਤੱਤਾਂ ਦੀ ਕਮੀ ਆ ਜਾਂਦੀ ਹੈ ਅਤੇ ਜ਼ਮੀਨ ਹੇਠਲਾ ਪਾਣੀ ਵੀ ਪ੍ਰਦੂਸ਼ਿਤ ਹੋ ਜਾਂਦਾ ਹੈ। ਇਸ ਨਾਲ ਕੁਦਰਤੀ ਕੀੜੇ ਮਕੌੜਿਆਂ ਦਾ ਵੀ ਖਾਤਮਾ ਹੁੰਦਾ ਹੈ।
ਰਸਾਇਣਕ ਖਾਦਾਂ ਦੀ ਵਰਤੋਂ ਬਾਰੇ ਕੀਤੀ ਗਈ ਖੋਜ ਮੁਤਾਬਿਕ ਡੀ ਏ ਪੀ ਦੀ ਥਾਂ ਹੋਰ ਵੀ ਕਈ ਖਾਦਾਂ ਮਾਰਕੀਟ ਵਿਚ ਆ ਚੁੱਕੀਆਂ ਹਨ, ਜਿਨ੍ਹਾਂ ਦੀ ਘੱਟ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਡੀ ਏ ਪੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਡੀ ਏ ਪੀ ਦੇ ਹੋਰ ਬਦਲਵੇਂ ਪ੍ਰਬੰਧਾਂ ਬਾਰੇ ਖੇਤੀ ਮਾਹਿਰ ਡਾ. ਗੋਬਿੰਦਰ ਸਿੰਘ ਨੇ ਦੱਸਿਆ

ਇਸ ਤਰਾਂ ਬਹੁਤ ਸਾਰੇ ਕਿਸਾਨ ਰਸਾਇਣਕ ਖਾਦਾਂ ਦੀ ਵਰਤੋਂ ਛੱਡ ਕੇ ਕੁਦਰਤੀ ਸਾਧਨਾਂ ਦੀ ਵਰਤੋਂ ਕਰਨ ਲੱਗੇ ਹਨ, ਜਿਸ ਨਾਲ ਮਨੁੱਖੀ ਸਿਹਤ ਦੇ ਨਾਲ ਹੀ ਜ਼ਮੀਨ ਹੇਠਲੇ ਤੱਤਾਂ ਵਿਚ ਵੀ ਸੁਧਾਰ ਆਉਣ ਦੀ ਸੰਭਾਵਨਾ ਹੈ। ਬਹੁਤ ਸਾਰੇ ਕਿਸਾਨ ਪੁਰਾਣੇ ਵੇਲੇ ਵਾਂਗੂ ਮੁੜ ਗੋਬਰ ਖਾਦ, ਕੰਪੋਸਟ ਖਾਦ, ਹਰੀ ਖਾਦ ਅਤੇ ਜੈਵਿਕ ਖਾਦ ਦੀ ਵਰਤੋਂ ਕਰਨ ਲੱਗ ਪਏ ਨੇ।
ਕਈ ਨਵੀਆਂ ਤਕਨੀਕਾਂ ਨਾਲ ਵੀ ਰਸਾਇਣਕ ਖਾਦਾਂ ਦੀ ਵਰਤੋਂ ਘਟਾਈ ਜਾ ਸਕਦੀ ਹੈ। ਹੁਣ ਤਾਂ ਸਰਕਾਰ ਵਲੋਂ ਵੀ ਜੈਵਿਕ ਖਾਦਾਂ ਲਈ ਕਈ ਤਰਾਂ ਦੀਆਂ ਸਹੂਲਤਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਰਕਾਰ ਵਲੋਂ ਜੈਵਿਕ ਖਾਦਾਂ ਉੱਪਰ ਸਬਸਿਡੀ ਵੀ ਦਿੱਤੀ ਜਾ ਰਹੀ ਹੈ ਅਤੇ ਆਪਣੇ ਖੇਤਾਂ ਵਿਚ ਜੈਵਿਕ ਖਾਦ ਤਿਆਰ ਕਰਨ ਲਈ ਮੁਫਤ ਸਿਖਲਾਈ ਵੀ ਦਿੱਤੀ ਜਾ ਰਹੀ ਹੈ।
ਇਸ ਲਈ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਸਮੱਸਿਆ ਦਾ ਹੱਲ ਲੱਭੀਏ। ਸਿਹਤਮੰਦ ਖੇਤੀ ਤੋਂ ਹੀ ਸਿਹਤਮੰਦ ਸਮਾਜ ਦਾ ਨਿਰਮਾਣ ਹੋਵੇਗਾ।