Friday, September 19Malwa News
Shadow

ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨਾਕਾਮ; 15.7 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ

ਚੰਡੀਗੜ੍ਹ/ਫਿਰੋਜ਼ਪੁਰ, 14 ਸਤੰਬਰ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਖੁਫ਼ੀਆ ਜਾਣਕਾਰੀ ‘ਤੇ ਆਧਾਰਤ ਇੱਕ ਕਾਰਵਾਈ ਵਿੱਚ ਫਿਰੋਜ਼ਪੁਰ ਪੁਲਿਸ ਨੇ 15.7 ਕਿਲੋਗ੍ਰਾਮ ਹੈਰੋਇਨ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਸਰਹੱਦ ਪਾਰੋਂ ਨਸ਼ਾ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਫਿਰੋਜ਼ਪੁਰ ਦੇ ਹਬੀਬਵਾਲਾ ਦੇ ਰਹਿਣ ਵਾਲੇ ਸੋਨੂੰ ਸਿੰਘ ਵਜੋਂ ਹੋਈ ਹੈ ਅਤੇ ਮੁਲਜ਼ਮ ਦਾ ਕੋਈ ਵੀ ਪੁਰਾਣਾ ਅਪਰਾਧਕ ਰਿਕਾਰਡ ਨਹੀਂ ਹੈ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਡਰੱਗ ਨੈੱਟਵਰਕ ਕਪੂਰਥਲਾ ਜੇਲ੍ਹ ਵਿੱਚ ਬੰਦ ਇੱਕ ਵਿਅਕਤੀ ਵੱਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਇਹ ਖੇਪ ਪਾਕਿਸਤਾਨ ਅਧਾਰਤ ਤਸਕਰਾਂ ਦੁਆਰਾ ਭੇਜੀ ਗਈ ਸੀ।

ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾ ਕੇ ਇਸ ਸਮੁੱਚੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ।  

ਆਪਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਸੀਆਈਏ ਫਿਰੋਜ਼ਪੁਰ ਦੀਆਂ ਟੀਮਾਂ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਸ਼ੱਕੀ ਸੋਨੂੰ ਸਿੰਘ ਨੇ ਹੈਰੋਇਨ ਦੀ ਖੇਪ ਹਾਸਲ ਕੀਤੀ ਹੈ, ਜਿਸਨੂੰ ਲੈ ਕੇ ਉਹ ਪਿੰਡ ਪੱਲਾ ਮੇਘਾ ਤੋਂ ਸਿਟੀ ਫਿਰੋਜ਼ਪੁਰ ਵੱਲ ਜਾ ਰਿਹਾ ਹੈ। ਸੂਚਨਾ ਮਿਲਣ ਦੀ ਤੇਜ਼ੀ ਨਾਲ ਕਾਰਵਾਈ ਕਰਦਿਆਂ ਐਸਪੀ (ਡੀ) ਫਿਰੋਜ਼ਪੁਰ ਮਨਜੀਤ ਸਿੰਘ ਅਤੇ ਡੀਐਸਪੀ (ਡੀ) ਫਿਰੋਜ਼ਪੁਰ ਬਰਜਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਖੁਫੀਆ ਜਾਣਕਾਰੀ ‘ਤੇ ਅਧਾਰਤ ਆਪ੍ਰੇਸ਼ਨ ਚਲਾਇਆ ਅਤੇ ਪਿੰਡ ਦੁਲਚੀ ਕੇ ਵਿਖੇ ਲੱਗੇ ਨਾਕੇ ਤੋਂ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।

ਐਸਐਸਪੀ ਨੇ ਕਿਹਾ ਕਿ ਇਸ ਕੇਸ ਵਿੱਚ ਅਗਲੇਰੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਉਮੀਦ ਹੈ।

ਇਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21 ਤਹਿਤ ਐਫਆਈਆਰ ਨੰਬਰ 252 ਮਿਤੀ 13/9/2025 ਦਰਜ ਕੀਤੀ ਗਈ ਹੈ।