Wednesday, March 19Malwa News
Shadow

ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਹੋਏ ‘ਆਪ’ ਵਿੱਚ ਸ਼ਾਮਲ

ਹੁਸ਼ਿਆਰਪੁਰ, 2 ਨਵੰਬਰ : ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਸ਼ਨੀਵਾਰ ਨੂੰ ਚੱਬੇਵਾਲ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕੁਲਵਿੰਦਰ ਸਿੰਘ ਰਸੂਲਪੁਰੀ ਅਤੇ ਸਾਬਕਾ ਵਿਧਾਇਕ ਚੌਧਰੀ ਰਾਮ ਚਰਨ ਦੇ ਪੋਤਰੇ ਗੁਰਪ੍ਰੀਤ ਸਿੰਘ ‘ਆਪ’ ਵਿੱਚ ਸ਼ਾਮਲ ਹੋ ਗਏ।

ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਦੋਵਾਂ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਕੀਤਾ। ਇਸ ਮੌਕੇ ਪਾਰਟੀ ਦੇ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਹਾਜ਼ਰ ਸਨ।

ਕੁਲਵਿੰਦਰ ਸਿੰਘ ਰਸੂਲਪੁਰੀ ਕਰੀਬ 35 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। ਡਾ. ਰਾਜਕੁਮਾਰ ਚੱਬੇਵਾਲ ਦੇ ਪਾਰਟੀ ਛੱਡਣ ਤੋਂ ਬਾਅਦ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਜ਼ਿਮਨੀ ਚੋਣ ਲਈ ਟਿਕਟ ਦੇਣ ਦਾ ਵਾਅਦਾ ਕੀਤਾ ਸੀ, ਪਰ ਟਿਕਟ ਨਹੀਂ ਦਿੱਤੀ | ਇਸ ਤੋਂ ਬਾਅਦ ਉਹ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਉਹ ਪੰਜਾਬ ਕਾਂਗਰਸ ਵਪਾਰ ਸੈੱਲ ਦੇ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਹੁਸ਼ਿਆਰਪੁਰ ਦੇ ਮੀਤ ਪ੍ਰਧਾਨ ਵੀ ਸਨ। ਉਹ ਇਸ ਹਲਕੇ ਅਧੀਨ ਪੈਂਦੇ ਬਲਾਕ ਮਾਹਿਲਪੁਰ ਤੋਂ 20 ਸਾਲਾਂ ਤੱਕ ਸਰਪੰਚ ਯੂਨੀਅਨ ਦੇ ਪ੍ਰਧਾਨ ਵੀ ਰਹੇ ਹਨ।  ਉਨ੍ਹਾਂ ਦਾ ‘ਆਪ’ ‘ਚ ਸ਼ਾਮਲ ਹੋਣਾ ਕਾਂਗਰਸ ਪਾਰਟੀ ਲਈ ਇਕ ਬਹੁਤ ਵੱਡਾ ਝਟਕਾ ਹੈ।

ਗੁਰਪ੍ਰੀਤ ਸਿੰਘ ਇਹ ਜ਼ਿਮਨੀ ਚੋਣ ਚੱਬੇਵਾਲ ਤੋਂ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਸਨ, ਜੋ ਕਿ ਹੁਣ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਦੀ ਇਸ ਖੇਤਰ ਵਿੱਚ ਚੰਗੀ ਜਾਣਕਾਰੀ ਅਤੇ ਪਕੜ ਹੈ। ਉਨ੍ਹਾਂ ਦੇ ਦਾਦਾ ਚੌਧਰੀ ਰਾਮ ਰਤਨ 1962 ਤੋਂ 1967 ਤੱਕ ਚੱਬੇਵਾਲ ਵਿਧਾਨ ਸਭਾ ਤੋਂ ਵਿਧਾਇਕ ਸਨ।

ਇਸ ਮੌਕੇ ਪਾਰਟੀ ਦਫ਼ਤਰ ਤੋਂ ਜਾਰੀ ਆਪਣੇ ਬਿਆਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੋਵਾਂ ਆਗੂਆਂ ਦੇ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਨਾ ਸਿਰਫ਼ ਚੱਬੇਵਾਲ ਬਲਕਿ ਪੂਰੇ ਹੁਸ਼ਿਆਰਪੁਰ ਵਿੱਚ ਆਮ ਆਦਮੀ ਪਾਰਟੀ ਹੋਰ ਮਜ਼ਬੂਤ ਹੋਈ ਹੈ। ਅਸੀਂ ਚੱਬੇਵਾਲ ਦੇ ਵਿਕਾਸ ਲਈ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਦਾਅਵਾ ਕੀਤਾ ਕਿ ਅਸੀਂ ਇਹ ਚੋਣ ਵੱਡੇ ਫ਼ਰਕ ਨਾਲ ਜਿੱਤਾਂਗੇ।

Basmati Rice Advertisment