Thursday, August 27Malwa News
Shadow

ਕਾਂਗਰਸ ਦਾ ਏਜੰਡਾ ਪਹਿਲਾਂ ਹੀ ਤੈਅ, ਝੂਠ ਬੋਲਣਾ ਅਤੇ ਦੋਸ਼ ਲਗਾਉਣਾ ਹੀ ਇਨ੍ਹਾਂ ਦਾ ਕੰਮ – ਮੁੱਖ ਮੰਤਰੀ

ਚੰਡੀਗੜ੍ਹ, 27 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਹੈ ਕਿ ਕਾਂਗਰਸ ਦਾ ਏਜੰਡਾ ਪਹਿਲਾਂ ਤੋਂ ਤੈਅ ਹੈ ਅਤੇ ਉਹ ਸਦਨ ਵਿੱਚ ਤੱਥਾਂ ਨੂੰ ਸੁਣਨ ਲਈ ਤਿਆਰ ਨਹੀਂ ਹੈ। ਕਾਂਗਰਸ ਵੱਲੋਂ ਸਦਨ ਵਿੱਚ ਆਉਣ ਤੋਂ ਰੋਕਣ ਅਤੇ ਅਪਮਾਨਿਤ ਕੀਤੇ ਜਾਣ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਨੇਤਾ ਵਿਰੋਧੀ ਧਿਰ ਦੇ ਆਗੂ ਅਤੇ ਵਿਰੋਧੀ ਦੇ ਕਿਸੇ ਵੀ ਮੈਂਬਰ ਨੂੰ ਸਦਨ ਵਿੱਚ ਆਉਣ ਤੋਂ ਨਹੀਂ ਰੋਕਿਆ ਗਿਆ ਅਤੇ ਨਾ ਹੀ ਕਿਸੇ ਦਾ ਅਪਮਾਨ ਕੀਤਾ ਗਿਆ ਹੈ। ਸਾਰੇ ਮੈਂਬਰਾਂ ਨੂੰ ਸਤਿਕਾਰਪੂਰਵਕ ਸਦਨ ਵਿੱਚ ਆਉਣ ਦਿੱਤਾ ਗਿਆ।

ਮੁੱਖ ਮੰਤਰੀ ਵੀਰਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਨੇਤਾ ਵਿਰੋਧੀ ਧਿਰ ਸ੍ਰੀ ਭੂਪੇਂਦਰ ਸਿੰਘ ਹੁੱਡਾ ਅਤੇ ਡਾ. ਰਘੁਬੀਰ ਕਾਦੀਆਨ ਵੱਲੋਂ ਉਨ੍ਹਾਂ ਨੂੰ ਸਦਨ ਵਿੱਚ ਆਉਣ ਤੋਂ ਰੋਕੇ ਜਾਣ ਅਤੇ ਧੱਕੇ ਮਾਰੇ ਜਾਣ ਦੇ ਲਗਾਏ ਗਏ ਦੋਸ਼ਾਂ ਦਾ ਜਵਾਬ ਦੇ ਰਹੇ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਕਾਂਗਰਸ ਸਦਨ ਵਿੱਚ ਕੁਝ ਵੀ ਸੁਣਨ ਲਈ ਤਿਆਰ ਨਹੀਂ ਹੈ। ਇਨ੍ਹਾਂ ਦਾ ਏਜੰਡਾ ਪਹਿਲਾਂ ਤੋਂ ਤੈਅ ਹੈ ਅਤੇ ਉਸੇ ਦੇ ਅਨੁਸਾਰ ਉਹ ਸਦਨ ਵਿੱਚ ਦੋਸ਼ ਲਗਾਉਂਦੇ ਹਨ। ਉਨ੍ਹਾਂ ਕਿਹਾ ਕਿ ਇਹ ਵੀ ਮੰਦਭਾਗੀ ਹੈ ਕਿ ਕਾਂਗਰਸ ਨੇ ਆਪਣੇ ਸੀਨੀਅਰ ਨੇਤਾਵਾਂ ਨੂੰ ਕਾਲੇ ਕੱਪੜੇ ਪਵਾ ਦਿੱਤੇ, ਜਦੋਂ ਕਿ ਉਨ੍ਹਾਂ ਦੀ ਉਮਰ ਕਾਲੇ ਕੱਪੜੇ ਪਾਉਣ ਦੀ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਮੈਂਬਰਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ, ਸਗੋਂ ਉਨ੍ਹਾਂ ਨੂੰ ਪੂਰੇ ਸਤਿਕਾਰ ਨਾਲ ਸਦਨ ਵਿੱਚ ਆਉਣ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਝੂਠ ਦਾ ਏਜੰਡਾ ਤੈਅ ਕਰ ਰੱਖਿਆ ਹੈ। ਇਹ ਝੂਠ ਬੋਲਦੇ ਹਨ ਅਤੇ ਦੋਸ਼ ਲਗਾਉਂਦੇ ਹਨ, ਇਹੀ ਇਨ੍ਹਾਂ ਦਾ ਕੰਮ ਹੈ ਅਤੇ ਇਸ ਤੋਂ ਇਲਾਵਾ ਇਨ੍ਹਾਂ ਦਾ ਕੋਈ ਏਜੰਡਾ ਨਹੀਂ ਹੈ।

ਵੀਡੀਓ ਫੁਟੇਜ ਨਾਲ ਸਾਹਮਣੇ ਆ ਜਾਵੇਗਾ ਪੂਰਾ ਸੱਚ, ਸਦਨ ਨੂੰ ਗੁਮਰਾਹ ਕਰਨ ਲਈ ਝੂਠੇ ਦੋਸ਼ ਲਗਾ ਰਹੀ ਕਾਂਗਰਸ

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਉਨ੍ਹਾਂ ਨੇ ਪੂਰੇ ਮਾਮਲੇ ਦੀ ਜਾਣਕਾਰੀ ਲਈ ਹੈ ਅਤੇ ਵਿਰੋਧੀ ਧਿਰ ਵੱਲੋਂ ਸਦਨ ਵਿੱਚ ਇਹ ਕਹਿਣਾ ਕਿ ਉਨ੍ਹਾਂ ਨੂੰ ਸੱਟ ਪਹੁੰਚਾਈ ਗਈ ਜਾਂ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਗਈ, ਇਹ ਪੂਰੀ ਤਰ੍ਹਾਂ ਝੂਠ ਹੈ। ਉਨ੍ਹਾਂ ਨੇ ਸਪੀਕਰ ਨੂੰ ਸੁਝਾਅ ਦਿੱਤਾ ਕਿ ਉਹ ਸੱਤਾ ਅਤੇ ਵਿਰੋਧੀ ਧਿਰ ਦੋਵਾਂ ਦੇ ਮੈਂਬਰਾਂ ਨੂੰ ਆਪਣੇ ਚੈਂਬਰ ਵਿੱਚ ਬੁਲਾਉਣ ਅਤੇ ਮਾਮਲੇ ਨਾਲ ਸਬੰਧਤ ਵੀਡੀਓ ਫੁਟੇਜ ਮੰਗਵਾ ਕੇ ਉਸਦੀ ਜਾਂਚ ਕਰ ਲੈਣ। ਵੀਡੀਓ ਵਿੱਚ ਜੋ ਵੀ ਤੱਥ ਹੋਣਗੇ, ਉਨ੍ਹਾਂ ਨਾਲ ਪੂਰੀ ਸਥਿਤੀ ਅਤੇ ਸੱਚਾਈ ਸਪੱਸ਼ਟ ਹੋ ਜਾਵੇਗੀ।

ਵਿਰੋਧੀ ਧਿਰ ਸਦਨ ਨੂੰ ਸੁਚਾਰੂ ਰੂਪ ਨਾਲ ਚੱਲਣ ਦੇਵੇ

ਮੁੱਖ ਮੰਤਰੀ ਨੇ ਕਿਹਾ ਕਿ ਸਦਨ ਨੂੰ ਸੁਚਾਰੂ ਰੂਪ ਨਾਲ ਚੱਲਣ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਸੂਬੇ ਦੀ ਜਨਤਾ ਸਭ ਕੁਝ ਦੇਖ ਰਹੀ ਹੈ। ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਨੂੰ ਅਪੀਲ ਕਰਦਿਆਂ ਕਿਹਾ ਕਿ ਇਹ ਮਹਾਨ ਸਦਨ ਚਰਚਾ ਅਤੇ ਸੰਵਾਦ ਲਈ ਹੈ। ਜੇਕਰ ਕਿਸੇ ਮੈਂਬਰ ਨੂੰ ਕਿਸੇ ਵਿਸ਼ੇ ‘ਤੇ ਕੋਈ ਇਤਰਾਜ਼ ਜਾਂ ਸਮੱਸਿਆ ਹੈ ਤਾਂ ਉਹ ਸਦਨ ਵਿੱਚ ਉਸ ‘ਤੇ ਚਰਚਾ ਕਰ ਸਕਦਾ ਹੈ ਅਤੇ ਸਰਕਾਰ ਉਸਦਾ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਰੌਲਾ-ਰੱਪਾ ਪਾਇਆ ਜਾ ਰਿਹਾ ਹੈ, ਇਹ ਨਾ ਤਾਂ ਵਿਰੋਧੀ ਧਿਰ ਲਈ ਉਚਿਤ ਹੈ ਅਤੇ ਨਾ ਹੀ ਸਦਨ ਦੀ ਮਰਿਆਦਾ ਦੇ ਅਨੁਕੂਲ ਹੈ। ਸੂਬੇ ਦੀ ਜਨਤਾ ਦੇਖ ਰਹੀ ਹੈ ਕਿ ਕੀ ਸਹੀ ਹੈ ਅਤੇ ਕੀ ਗਲਤ। ਜਨਤਾ ਨੇ ਵਿਰੋਧੀ ਧਿਰ ਦਾ ਕਾਰਜਕਾਲ ਵੀ ਦੇਖਿਆ ਹੈ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਮੌਜੂਦਾ ਸਰਕਾਰ ਦਾ ਕਾਰਜਕਾਲ ਵੀ ਦੇਖ ਰਹੀ ਹੈ।

***