Thursday, June 12Malwa News
Shadow

ਭਗਵੰਤ ਸਿੰਘ ਮਾਨ ਦੀ ਸਿਹਤ ਬਾਰੇ ਵੱਡਾ ਅੱਪਡੇਟ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ, ਪਰ ਡਾਕਟਰਾਂ ਵਲੋਂ ਕੁੱਝ ਜਰੂਰੀ ਟੈਸਟ ਕਰਵਾਏ ਜਾ ਰਹੇ ਹਨ। ਡਾਕਟਰਾਂ ਵਲੋਂ ਭਰੋਸਾ ਦਿਵਾਇਆ ਗਿਆ ਹੈ ਕਿ ਜਲਦੀ ਹੀ ਜਰੂਰੀ ਟੈਸਟ ਕਰਨ ਅਤੇ ਉਨ੍ਹਾਂ ਟੈਸਟਾਂ ਦੀਆਂ ਰਿਪੋਰਟਾਂ ਆਉਣ ਪਿਛੋਂ ਭਗਵੰਤ ਮਾਨ ਨੂੰ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਜਾਵੇਗੀ। ਪਾਰਟੀ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਹਸਪਤਾਲ ਵਿਚ ਪੂਰੀ ਤਰਾਂ ਠੀਕ ਠਾਕ ਹਨ ਅਤੇ ਪੰਜਾਬ ਦੀ ਹਰ ਗਤੀਵਿਧੀ ਨਾਲ ਜੁੜੇ ਹੋਏ ਹਨ। ਕੱਲ੍ਹ ਮੁੱਖ ਮੰਤਰੀ ਨੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਪਟਿਆਲਾ ਦੇ ਸੰਘਰਸ਼ ਕਰ ਰਹੇ ਵਿਦਿਆਰਥੀਆਂ ਨਾਲ ਖੁਦ ਫੋਨ ‘ਤੇ ਵੀ ਗੱਲ ਕੀਤੀ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ।

ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਕਾਰਡੀਆਲੋਜੀ ਵਿਭਾਗ ਦੇ ਡਾਇਰੈਕਟਰ ਤੇ ਮੁਖੀ ਡਾ. ਆਰ ਕੇ ਜਸਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਲ ਨਾਲ ਸਬੰਧਿਤ ਕੁੱਝ ਜਰੂਰੀ ਟੈਸਟ ਕੀਤੇ ਗਏ ਹਨ ਅਤੇ ਇਨ੍ਹਾਂ ਟੈਸਟਾਂ ਦੇ ਰਿਜ਼ਲਟ ਆਉਣੇ ਬਾਕੀ ਹਨ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਪਲਮਨਰੀ ਆਰਟਰੀ ਵਿਚ ਦਬਾਅ ਵਧਣ ਕਾਰਨ ਉਨ੍ਹਾਂ ਦੇ ਹਾਰਟ ‘ਤੇ ਦਬਾਅ ਪੈ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਆ ਰਹੀ ਸੀ। ਹੁਣ ਉਨ੍ਹਾਂ ਦੀ ਸਿਹਤ ਵਿਚ ਕਾਫੀ ਸੁਧਾਰ ਹੈ। ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਦੀ ਸਿਹਤ ਖਰਾਬ ਹੋ ਗਈ ਸੀ। ਇਸ ਲਈ ਮੁੱਖ ਮੰਤਰੀ ਨੂੰ ਤੁਰੰਤ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਵਲੋਂ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਕਈ ਤਰਾਂ ਦੀਆਂ ਅਫਵਾਹਾਂ ਵੀ ਫੈਲਾਈਆਂ ਜਾ ਰਹੀਆਂ ਹਨ। ਵਿਰੋਧੀ ਪਾਰਟੀਆਂ ਦੇ ਨੇਤਾਵਾਂ ਵਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਹਤ ਨੂੰ ਲੈ ਕੇ ਰਾਜਨੀਤੀ ਕਰਨੀ ਵੀ ਸ਼ੁਰੂ ਕਰ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਦੇ ਸੂਤਰਾਂ ਅਨੁਸਾਰ ਭਗਵੰਤ ਸਿੰਘ ਮਾਨ ਹਸਪਤਾਲ ਵਿਚੋਂ ਪੰਜਾਬ ਦੀ ਹਰ ਗਤੀਵਿਧੀ ਉੱਪਰ ਨਜ਼ਰ ਰੱਖ ਰਹੇ ਹਨ। ਬਹੁਤ ਅਹਿਮ ਮਸਲਿਆਂ ਬਾਰੇ ਹਸਪਤਾਲ ਵਿਚ ਵੀ ਮੁੱਖ ਮੰਤਰੀ ਨਾਲ ਸਲਾਹ ਮਸ਼ਵਰਾ ਕਰ ਲਿਆ ਜਾਂਦਾ ਹੈ। ਆਸ ਹੈ ਕਿ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਸਪਤਾਲ ਵਿਚੋਂ ਛੁੱਟੀ ਮਿਲ ਜਾਵੇਗੀ ਅਤੇ ਜਲਦੀ ਹੀ ਉਹ ਸਰਕਾਰੀ ਕੰਮ ਕਾਜ ਸ਼ੁਰੂ ਕਰ ਦੇਣਗੇ।

Basmati Rice Advertisment