ਚੰਡੀਗੜ੍ਹ, 9 ਦਸੰਬਰ : ਪੰਜਾਬ ਦੇ ਕਿਸਾਨਾਂ ਅਤੇ ਮਹਿਲਾਵਾਂ ਨੂੰ ਅਧੁਨਿਕ ਤਕਨੀਕ ਨਾਲ ਜੋੜ ਕੇ ਕਮਾਈ ਵਿਚ ਵਾਧਾ ਕਰਨ ਲਈ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਲਟੀ ਨੈਸ਼ਨਲ ਕੰਪਨੀ ਗ੍ਰਾਂਟ ਥੌਰਨਟਨ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕੰਪਨੀ ਦੀ ਹੁਣ ਤੱਕ ਦੀ ਕਾਰਗੁਜਾਰੀ ਦੀ ਪ੍ਰਸੰਸਾ ਕੀਤੀ।
ਇਸ ਕੰਪਨੀ ਵਲੋਂ ਲੁਧਿਆਣਾ, ਮੋਗਾ, ਬਟਾਲਾ ਅਤੇ ਰੂਪਨਗਰ ਵਿਚ ਪਹਿਲਾਂ ਹੀ ਕੰਮ ਕੀਤਾ ਜਾ ਰਿਹਾ ਹੈ, ਜਿਸਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਅੱਜ ਕੰਪਨੀ ਦੇ ਕੰਟਰੀ ਹੈਡ ਵੀ. ਪਦਮਾਨੰਦ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਮੀਟਿੰਗ ਕੀਤੀ ਅਤੇ ਦੱਸਿਆ ਕਿ ਇਸ ਕੰਪਨੀ ਵਲੋਂ ਚਾਰ ਜਿਲਿਆਂ ਵਿਚ 17 ਕਿਸਾਨ ਉਤਪਾਦਕ ਕੰਪਨੀਆਂ ਰਜਿਸਟਰ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 10 ਹਜਾਰ ਮਹਿਲਾ ਲਾਭਪਾਤਰੀ ਇਸ ਕੰਪਨੀ ਦੀਆਂ ਮੈਂਬਰ ਬਣ ਚੁੱਕੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਿਸਾਨ ਉਤਪਾਦਕ ਕੰਪਨੀਆਂ ਦੀ ਔਸਤ ਆਮਦਨ 45 ਲੱਖ ਰੁਪਏ ਤੱਕ ਪਹੁੰਚ ਚੁੱਕੀ ਹੈ ਅਤੇ ਕੰਪਨੀ ਦੇ ਯਤਨਾਂ ਨਾਲ ਔਰਤਾਂ ਦੇ ਪਰਿਵਾਰਾਂ ਦੀ ਔਸਤ ਆਮਦਨ ਵਿਚ ਵੀ 40 ਫੀਸਦੀ ਦਾ ਵਾਧਾ ਹੋਇਆ ਹੈ।
ਇਸ ਕੰਪਨੀ ਵਲੋਂ ਕਿਸਾਨਾਂ ਨੂੰ ਅਧੁਨਿਕ ਤਕਨੀਕ ਰਾਹੀਂ ਖੇਤੀ ਕਰਨ ਲਈ ਉੱਚ ਗੁਣਵੱਤਾ ਵਾਲੇ ਬੀਜ ਅਤੇ ਕੀਟਨਾਸ਼ਕ ਮੁਹਈਆ ਕਰਵਾਏ ਜਾਂਦੇ ਹਨ। ਖਾਦਾਂ ਦੀ ਵੰਡ ਵੀ ਸਮੇਂ ਸਿਰ ਕੀਤੀ ਜਾਂਦੀ ਹੈ ਅਤੇ ਲੋੜ ਮੁਤਾਬਕ ਖਾਦਾਂ ਪਾਉਣ ਲਈ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਖੇਤੀ ਲਈ ਵਰਤੀ ਜਾਣ ਵਾਲੀ ਅਧੁਨਿਕ ਮਸ਼ੀਨਰੀ ਸਹਿਕਾਰੀ ਕਿਰਾਏ ‘ਤੇ ਮੁਹਈਆ ਕਰਵਾਈ ਜਾਂਦੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੰਪਨੀ ਦੀ ਕਾਰਗੁਜਾਰੀ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਕਾਰਜ ਖੇਤਰ ਨੂੰ ਪੰਜਾਬ ਦੇ ਹੋਰ ਚਾਰ ਜਿਲਿਆਂ ਵਿਚ ਵਧਾ ਲਿਆ ਜਾਵੇ। ਉਨ੍ਹਾਂ ਨੇ ਕੰਪਨੀ ਨੂੰ ਸੰਗਰੂਰ, ਬਠਿੰਡਾ, ਮਾਨਸਾ ਅਤੇ ਫਾਜਿਲਕਾ ਵਿਚ ਵੀ ਕੰਮ ਸ਼ੁਰੂ ਕਰਨ ਲਈ ਸਹਿਮਤੀ ਦੇ ਦਿੱਤੀ।