
ਚੰਡੀਗੜ੍ਹ, 25 ਜਨਵਰੀ : ਪੰਜਾਬ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਐਲਾਨ ਕੀਤਾ ਹੈ ਕਿ ਮਾਲ ਵਿਭਾਗ ਦੇ ਸਾਰੇ ਸਬ ਰਜਿਸਟਰਾਰ ਅਤੇ ਜੁਆਇੰਟ ਸਬ ਰਜਿਸਟਰਾਰ ਦਫਤਰਾਂ ਵਿਚ ਸੇਵਾਵਾਂ ਨੂੰ ਪਾਰਦਰਸ਼ੀ ਅੇਤ ਸੁਖਾਲੀਆਂ ਕਰਨ ਲਈ ਸੀ ਸੀ ਟੀ ਵੀ ਕੈਮਰਿਆਂ ਨੂੰ ਕਾਰਜਸ਼ੀਲ ਕੀਤਾ ਗਿਆ ਹੈ। ਵਿਭਾਗ ਵਲੋਂ ਇਨ੍ਹਾਂ ਕੈਮਰਿਆਂ ਦੀ ਚੈਕਿੰਗ ਵੀ ਕੀਤੀ ਜਾਂਦੀ ਰਹੇਗੀ ਅਤੇ ਇਨ੍ਹਾਂ ‘ਤੇ ਉੱਚ ਅਧਿਕਾਰੀਆਂ ਵਲੋਂ ਨਿਗਰਾਨੀ ਵੀ ਰੱਖੀ ਜਾਵੇਗਾ। ਇਸ ਨਾਲ ਮਾਲ ਵਿਭਾਗ ਦੇ ਦਫਤਰਾਂ ਵਿਚ ਆਮ ਜਨਤਾ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਵਿਚ ਕੋਈ ਅਣਗਹਿਲੀ ਵਰਤਣ ਦੀ ਸੰਭਾਵਨਾ ਨਹੀਂ ਰਹੇਗੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ 31 ਜਨਵਰੀ ਤੱਕ ਸਾਰੇ ਦਫਤਰਾਂ ਦੇ ਸੀ ਸੀ ਟੀ ਵੀ ਕੈਮਰੇ ਚਾਲੂ ਹੋ ਜਾਣੇ ਚਾਹੀਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਰੇ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਵਲੋਂ ਵੀ ਇਨ੍ਹਾਂ ਕੈਮਰਿਆਂ ਦੀ ਨਿਗਰਾਨੀ ਕੀਤੀ ਜਾਵਗੀ।