ਮਾਨਸਾ, 12 ਨਵੰਬਰ: ਗੈਂਗਸਟਰ ਤੋਂ ਅੱਤਵਾਦੀ ਬਣੇ ਅਰਸ਼ ਡੱਲਾ ਦੇ ਨੈੱਟਵਰਕ ਨੂੰ ਇੱਕ ਹੋਰ ਝਟਕਾ ਦਿੰਦਿਆਂ, ਕਾਊਂਟਰ ਇੰਟੈਲੀਜੈਂਸ (ਸੀ.ਆਈ.) ਬਠਿੰਡਾ ਦੀ ਟੀਮ ਨੇ ਮਾਨਸਾ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਮਾਨਸਾ ਗ੍ਰਨੇਡ ਹਮਲੇ ਦੇ ਮੁੱਖ ਦੋਸ਼ੀ ਸ਼ਿਮਲਾ ਸਿੰਘ, ਜਿਸਨੇ ਨੇ ਅਰਸ਼ ਡੱਲਾ ਦੇ ਨਿਰਦੇਸ਼ਾਂ ‘ਤੇ ਪੈਟਰੋਲ ਪੰਪ ‘ਤੇ ਗ੍ਰਨੇਡ ਸੁੱਟਿਆ ਸੀ, ਨੂੰ ਗ੍ਰਿਫਤਾਰ ਕਰਕੇ ਇਸ ਮਾਮਲੇ ਦੀ ਗੁੱਥੀ ਸੁਲਝਾ ਲਈ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਨੇ ਦਿੱਤੀ।
ਇਹ ਸਫ਼ਲਤਾ ਗੁਰਪ੍ਰੀਤ ਸਿੰਘ ਹਰੀ ਨੌ ਉਰਫ਼ ਭੋਡੀ, ਜਿਸਨੂੰ ਅੱਤਵਾਦੀ ਅਰਸ਼ ਡੱਲਾ ਦੇ ਇਸ਼ਾਰੇ ‘ਤੇ 9 ਅਕਤੂਬਰ, 2024 ਨੂੰ ਮਾਰ ਦਿੱਤਾ ਗਿਆ ਸੀ, ਦੇ ਕਤਲ ਵਿੱਚ ਸ਼ਮੂਲੀਅਤ ਲਈ ਦੋ ਸ਼ੂਟਰਾਂ ਬਰਨਾਲਾ ਦੇ ਅਨਮੋਲਪ੍ਰੀਤ ਸਿੰਘ ਉਰਫ਼ ਵਿਸ਼ਾਲ ਅਤੇ ਖਰੜ ਦੇ ਨਵਜੋਤ ਸਿੰਘ ਉਰਫ਼ ਨੀਤੂ ਦੀ ਗ੍ਰਿਫ਼ਤਾਰੀ ਦੇ 72 ਘੰਟਿਆਂ ਤੋਂ ਵੀ ਘੱਟ ਸਮੇਂ ਅੰਦਰ ਹਾਸਲ ਹੋਈ ਹੈ।
ਜਾਣਕਾਰੀ ਅਨੁਸਾਰ 26 ਅਤੇ 27 ਅਕਤੂਬਰ, 2024 ਦੀ ਦਰਮਿਆਨੀ ਰਾਤ ਨੂੰ ਮਾਨਸਾ ਦੇ ਸਿਰਸਾ ਰੋਡ ਸਥਿਤ ਜੀਓ ਦੇ ਪੈਟਰੋਲ ਪੰਪ ਸਟੇਸ਼ਨ ‘ਤੇ ਹੈਂਡ ਗ੍ਰਨੇਡ ਹਮਲਾ ਕੀਤਾ ਗਿਆ ਸੀ। ਧਮਾਕੇ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਨੂੰ ਇੱਕ ਵਿਦੇਸ਼ੀ ਮੋਬਾਈਲ ਨੰਬਰ ਤੋਂ ਧਮਕੀ ਭਰੀ ਕਾਲ ਵੀ ਆਈ ਸੀ, ਜਿਸ ਵਿੱਚ ਫੋਨ ਕਰਨ ਵਾਲੇ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਅਤੇ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਸੀ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਮਾਨਸਾ ਗ੍ਰੇਨੇਡ ਹਮਲੇ ਵਿੱਚ ਆਪਣੀ ਭੂਮਿਕਾ ਦਾ ਇਕਬਾਲ ਕਰਦਿਆਂ ਖੁਲਾਸਾ ਕੀਤਾ ਕਿ ਉਸ ਨੇ ਅੱਤਵਾਦੀ ਅਰਸ਼ ਡੱਲਾ ਦੇ ਨਿਰਦੇਸ਼ਾਂ ‘ਤੇ ਗੜ੍ਹਸ਼ੰਕਰ ਇਲਾਕੇ ਤੋਂ ਇਹ ਗ੍ਰਨੇਡ ਹਾਸਲ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਸ਼ਿਮਲਾ ਸਿੰਘ ਨੇ ਗੁਰਪ੍ਰੀਤ ਸਿੰਘ ਹਰੀ ਨੌ ਕਤਲ ਕਾਂਡ ਵਿੱਚ ਸ਼ਾਮਲ ਸ਼ੂਟਰਾਂ ਨੂੰ ਲੌਜਿਸਟਿਕਲ ਸਹਾਇਤਾ ਵੀ ਪ੍ਰਦਾਨ ਕੀਤੀ ਸੀ।
ਡੀਜੀਪੀ ਨੇ ਕਿਹਾ ਕਿ ਮੁਲਜ਼ਮ ਸ਼ਿਮਲਾ ਸਿੰਘ ਪਹਿਲਾਂ ਵੀ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਅਪ੍ਰੈਲ 2023 ਵਿੱਚ ਸੀਆਈ ਬਠਿੰਡਾ ਨੇ ਸ਼ਿਮਲਾ ਸਿੰਘ ਨੂੰ ਤਿੰਨ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਉੱਤਰਾਖੰਡ ਦੇ ਇੱਕ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਸਬੰਧੀ ਦੀ ਉਸ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ ਸੀ। ਉਨ੍ਹਾਂ ਅੱਗੇ ਕਿਹਾ ਕਿ ਸਾਜ਼ਿਸ਼ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਪੁੱਛਗਿੱਛ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸਐਸਪੀ ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਉਕਤ ਮਾਮਲੇ ਦੀ ਅਗਲੇਰੀ ਜਾਂਚ ਲਈ ਐਸਪੀ ਇਨਵੈਸਟੀਗੇਸ਼ਨ ਮਾਨਸਾ ਮਨਮੋਹਨ ਸਿੰਘ ਔਲਖ ਦੀ ਪ੍ਰਧਾਨਗੀ ਹੇਠ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ ਸੀ। ਐਸਆਈਟੀ ਨੇ ਸੀਆਈ ਬਠਿੰਡਾ ਨਾਲ ਤਾਲਮੇਲ ਕਰਕੇ ਤੁਰੰਤ ਕਾਰਵਾਈ ਕਰਦਿਆਂ ਵਿਗਿਆਨਕ ਢੰਗ ਨਾਲ ਜਾਂਚ ਕੀਤੀ।
ਏਆਈਜੀ ਸੀਆਈ ਬਠਿੰਡਾ ਅਵਨੀਤ ਕੌਰ ਨੇ ਦੱਸਿਆ ਕਿ ਸੀਆਈ ਬਠਿੰਡਾ ਅਤੇ ਮਾਨਸਾ ਪੁਲਿਸ ਦੀਆਂ ਟੀਮਾਂ ਨੇ ਸਾਂਝੇ ਤੌਰ ’ਤੇ ਮੁਲਜ਼ਮ ਸ਼ਿਮਲਾ ਸਿੰਘ ਨੂੰ ਮਾਨਸਾ ਦੇ ਖੋਖਰ ਰੋਡ ਤੋਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਜਦੋਂ ਉਹ ਪੈਦਲ ਕਿਤੇ ਜਾ ਰਿਹਾ ਸੀ।
ਇਸ ਸਬੰਧੀ ਪਹਿਲਾਂ ਹੀ ਭਾਰਤੀ ਨਿਆ ਸੰਹਿਤਾ (ਬੀਐਨਐਸ) ਦੀ ਧਾਰਾ 308 (4) ਅਤੇ 351, ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀ ਧਾਰਾ 10 ਤਹਿਤ ਥਾਣਾ ਸਿਟੀ-1 ਮਾਨਸਾ ਵਿਖੇ ਐਫਆਈਆਰ ਨੰਬਰ 139 ਮਿਤੀ 27.10.2024 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।