
ਓਟਵਾ 8 ਨਵੰਬਰ : ਕੈਨੇਡਾ ਅਤੇ ਭਾਰਤ ਵਿਚਕਾਰ ਚੱਲ ਰਹੇ ਵਿਵਾਦ ਦੌਰਾਨ ਹੀ ਕੈਨੇਡਾ ਸਰਕਾਰ ਨੇ ਇਕ ਵੱਡਾ ਕਦਮ ਚੁੱਕਦਿਆਂ ਭਾਰਤੀ ਵਿਦੇਸ਼ ਮੰਤਰੀ ਦਾ ਬਿਆਨ ਦਿਖਾਉਣ ਵਾਲੇ ਟੀ.ਵੀ. ਚੈਨਲ ‘ਤੇ ਪਾਬੰਦੀ ਲਗਾ ਦਿੱਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਦੀ ਇਕ ਪ੍ਰੈਸ ਕਾਨਫਰੰਸ ਆਸਟਰੇਲੀਆ ਦੇ ਟੀ.ਵੀ ਚੈਨਲ ‘ਟੂਡੇ ਆਊਟਲੈੱਟ’ ਵਲੋਂ ਦਿਖਾਈ ਜਾ ਰਹੀ ਸੀ। ਜਦੋਂ ਟੀ.ਵੀ. ਚੈਨਲ ਨੇ ਇਹ ਵੀਡੀਓ ਦਿਖਾਈ ਤਾਂ ਇਸਦੇ ਕੁੱਝ ਘੰਟਿਆਂ ਬਾਅਦ ਹੀ ਕੈਨੇਡਾ ਵਿਚ ਇਸ ਚੈਨਲ ਨੂੰ ਬੈਨ ਕਰ ਦਿੱਤਾ ਗਿਆ।
ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈਸ਼ੰਕਰ ਦੇ ਆਸਟਰੇਲੀਆ ਦੌਰੇ ਦੌਰਾਨ ਆਸਟਰੇਲੀਆ ਦੇ ਸ਼ਹਿਰ ਕੈਨਬਰਾ ਵਿਖੇ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ ਵਿਚ ਭਾਰਤੀ ਵਿਦੇਸ਼ ਮੰਤਰੀ ਦੇ ਨਾਲ ਹੀ ਆਸਟਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ ਵਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ। ਆਸਟਰੇਲੀਆ ਦੇ ਟੀ.ਵੀ. ਚੈਨਲ ਟੂਡੇ ਆਊਟਲੈੱਟ ਵਲੋਂ ਇਸ ਪ੍ਰੈਸ ਕਾਨਫਰੰਸ ਦੀ ਰਿਪੋਰਟ ਟੈਲੀਕਾਸਟ ਕੀਤੀ ਗਈ। ਜਦੋਂ ਇਸ ਚੈਨਲ ਵਲੋਂ ਦਿਖਾਈ ਗਈ ਵੀਡੀਓ ਕੈਨੇਡਾ ਸਰਕਾਰ ਦੇ ਧਿਆਨ ਵਿਚ ਆਈ ਤਾਂ ਇਹ ਚੈਨਲ ਕੈਨੇਡਾ ਵਿਚ ਬੈਨ ਕਰ ਦਿੱਤਾ ਗਿਆ।
ਕੈਨੇਡਾ ਦੇ ਇਸ ਕਦਮ ‘ਤੇ ਭਾਰਤ ਸਰਕਾਰ ਨੇ ਵੀ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦਿੱਲੀ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਦਾ ਇਹ ਕਦਮ ਬਹੁਤ ਹੀ ਹੈਰਾਨ ਕਰਨ ਵਾਲਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਤਰਾਂ ਵਿਚਾਰਾਂ ਦੇ ਪ੍ਰਗਟਾਵੇ ‘ਤੇ ਆਜਾਦੀ ਉੱਪਰ ਹਮਲਾ ਹੈ। ਕੈਨੇਡਾ ਹਮੇਸ਼ਾਂ ਮਨੁੱਖੀ ਹੱਕਾਂ ਦੀ ਗੱਲ ਕਰਦਾ ਹੈ, ਪਰ ਹੁਣ ਵਿਚਾਰਾਂ ਦੇ ਪ੍ਰਗਟਾਵੇ ‘ਤੇ ਵੀ ਹਮਲੇ ਕਰਨ ਲੱਗ ਪਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੈਸ ਕਾਨਫਰੰਸ ਦੀ ਵੀਡੀਓ ਹੁਣ ਚੈਨਲ ਵਲੋਂ ਯੂਟਿਊਬ ਉੱਪਰ ਅੱਪਲੋਡ ਕਰ ਦਿੱਤੀ ਗਈ ਹੈ, ਪਰ ਇਹ ਕੈਨੇਡਾ ਦੇ ਦਰਸ਼ਕਾਂ ਲਈ ਉਪਲਭਦ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕਦਮ ਕੈਨੇਡਾ ਦੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜਾਦੀ ਦੇ ਪਖੰਡ ਨੂੰ ਵੀ ਨੰਗਾ ਕਰਦਾ ਹੈ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਕੈਨੇਡਾ ਵਿਚ ਅਪਰਾਧੀ ਤੱਤਾਂ ਨੂੰ ਬੜਾਵਾ ਦਿੱਤਾ ਜਾ ਰਿਹਾ ਹੈ। ਕੈਨੇਡਾ ਸਰਕਾਰ ਜਾਣ ਬੁੱਝ ਕੇ ਹਿੰਸਕ ਕਾਰਵਾਈਆਂ ਕਰਵਾ ਰਹੀ ਹੈ।