ਮੁੰਬਈ 8 ਨਵੰਬਰ : ਫਿਲਮੀ ਸਿਤਾਰਿਆਂ ਨੂੰ ਧਮਕੀਆਂ ਮਿਲਣ ਦਾ ਸਿਲਸਲਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਪਿਛਲੇ ਕਾਫੀ ਸਮੇਂ ਤੋਂ ਸਲਮਾਨ ਖਾਨ ਨੂੰ ਧਮਕੀਆਂ ਦੀਆਂ ਖਬਰਾਂ ਪੂਰੀ ਦੁਨੀਆਂ ਵਿਚ ਚਰਚਾ ਵਿਚ ਨੇ। ਲਾਰੈਂਸ ਗਰੁੱਪ ਵਲੋਂ ਧਮਕੀਆਂ ਪਿਛੋਂ ਕੁੱਝ ਅਜਿਹੇ ਵਿਅਕਤੀ ਵੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ, ਜੋ ਲਾਰੈਂਸ ਦਾ ਨਾਮ ਹੀ ਵਰਤ ਰਹੇ ਸਨ। ਹੁਣ ਸਲਮਾਨ ਖਾਨ ਤੋਂ ਬਾਅਦ ਸ਼ਾਹਰੁੱਖ ਖਾਨ ਨੂੰ ਵੀ ਧਮਕੀ ਮਿਲੀ ਹੈ।
ਸ਼ਾਹਰੁੱਖ ਨੂੰ ਧਮਕੀ ਦਿੱਤੇ ਜਾਣ ਦੇ ਮਾਮਲੇ ਵਿਚ ਪੁਲੀਸ ਨੇ ਪਰਚਾ ਦਰਜ ਕਰ ਲਿਆ ਹੈ। ਪਤਾ ਲੱਗਾ ਹੈ ਕਿ ਰਾਏਪੁਰ ਦੇ ਵਾਸੀ ਫੈਜ਼ਾਨ ਖਾਨ ਨੇ ਧਮਕੀ ਦੇ ਕੇ ਸ਼ਾਹਰੁੱਖ ਖਾਨ ਤੋਂ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ। ਉਸ ਨੇ ਧਮਕੀ ਦਿੱਤੀ ਕਿ ਜੇਕਰ 50 ਲੱਖ ਰੁਪਏ ਨਾ ਦਿੱਤੇ ਤਾਂ ਸ਼ਾਹਰੁੱਖ ਨੂੰ ਜਾਨੋ ਮਾਰ ਦਿੱਤਾ ਜਾਵੇਗਾ। ਮੁੰਬਈ ਪੁਲੀਸ ਵਲੋਂ ਇਸ ਵਿਅਕਤੀ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਕੌਣ ਹੈ ਜੋ ਸ਼ਾਹਰੁੱਖ ਖਾਨ ਨੂੰ ਧਮਕੀਆਂ ਦੇ ਰਿਹਾ ਹੈ। ਅਜੇ ਤੱਕ ਇਹ ਵੀ ਸਪਸ਼ਟ ਨਹੀਂ ਹੋ ਸਕਿਆ ਕਿ ਸ਼ਾਹਰੁੱਖ ਖਾਨ ਨੂੰ ਧਮਕੀਆਂ ਦੇਣ ਵਾਲਾ ਇਹ ਵਿਅਕਤੀ ਇਸ ਇਲਾਕੇ ਦੇ ਰਹਿਣ ਵਾਲਾ ਹੈ ਵੀ ਕਿ ਨਹੀਂ। ਇਹ ਵੀ ਹੋ ਸਕਦਾ ਹੈ ਕਿ ਕਿਸੇ ਨੇ ਫਰਜੀ ਨਾਂ ਵਰਤ ਕੇ ਧਮਕੀ ਦਿੱਤੀ ਹੋਵੇ। ਭਾਵੇਂ ਅਜੇ ਪੁਲੀਸ ਵਲੋਂ ਜਾਂਚ ਤਾਂ ਜਾਰੀ ਹੈ, ਪਰ ਫਿਲਮੀ ਸਿਤਾਰਿਆਂ ਨੂੰ ਵਾਰ ਵਾਰ ਧਮਕੀਆਂ ਮਿਲਣ ਨਾਲ ਬਾਲੀਵੁੱਡ ਇੰਡਸਟਰੀ ਵਿਚ ਡਰ ਦਾ ਮਹੌਲਾ ਪੈਦਾ ਹੁੰਦਾ ਜਾ ਰਿਹਾ ਹੈ। ਫਿਲਮੀ ਸਿਤਾਰੇ ਆਪਣੀਆਂ ਸ਼ੂਟਿੰਗਾਂ ਵਿਚ ਬਿਜੀ ਹੁੰਦੇ ਨੇ, ਪਰ ਅਜਿਹੀਆਂ ਧਮਕੀਆਂ ਨਾਲ ਜਿਥੇ ਫਿਲਮ ਪ੍ਰੋਡਕਸ਼ਨ ਦਾ ਕਾਰੋਬਾਰ ਪ੍ਰਭਾਵਿਤ ਹੁੰਦਾ ਹੈ, ਉਥੇ ਹੀ ਫਿਲਮੀ ਸਿਤਾਰਿਆਂ ਦੇ ਪਰਿਵਾਰਕ ਮੈਂਬਰਾਂ ਲਈ ਵੀ ਖਤਰਾ ਪੈਦਾ ਹੋ ਜਾਂਦਾ ਹੈ। ਪੁਲੀਸ ਦਾ ਕਹਿਣਾ ਹੈ ਕਿ ਧਮਕੀ ਦੇਣ ਵਾਲੇ ਵਿਅਕਤੀ ਦਾ ਜਲਦੀ ਹੀ ਪਤਾ ਲਗਾ ਲਿਆ ਜਾਵੇਗਾ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਸ਼ਾਹਰੁੱਖ ਖਾਨ ਵੀ ਅੱਜਕੱਲ੍ਹ ਆਪਣੇ ਕਈ ਪ੍ਰੋਜੈਕਟਾਂ ਵਿਚ ਬਿਜੀ ਚੱਲ ਰਿਹਾ ਹੈ। ਪਰ ਹੁਣ ਉਸ ਨੂੰ ਧਮਕੀ ਮਿਲਣ ਪਿਛੋਂ ਸ਼ਾਹਰੁੱਖ ਖਾਨ ਨੂੰ ਵੀ ਆਪਣੀ ਸੁਰੱਖਿਆ ਦੀ ਫਿਕਰ ਪੈ ਗਈ ਹੈ।