ਰੂਪਨਗਰ, 24 ਨਵੰਬਰ : ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਅਤੇ ਪਿੰਡਾਂ ਵਿਚ ਕੌਮੀ ਪੱਧਰ ਦੀਆਂ ਖੇਡ ਸਹੂਲਤਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿਲਾ ਰੂਪਨਗਰ ਵਿਚ ਆਦਰਸ਼ ਸਕੂਲ ਲੋਧੀਪੁਰ ਵਿਖੇ ਢਾਈ ਕਰੋੜ ਦੀ ਲਾਗਤ ਨਾਲ ਹਾਕੀ ਦਾ ਐਸਟ੍ਰੋਟਰਫ ਬਣਾਇਆ ਗਿਆ ਹੈ। ਇਸੇ ਤਰਾਂ ਆਨੰਦਰਪੁਰ ਸਾਹਿਬ ਵਿਖੇ ਨੈਸ਼ਨਲ ਲੈਵਲ ਦੀ ਸ਼ੂਟਿੰਗ ਰੇਂਜ ਬਣਾਈ ਜਾ ਰਹੀ ਹੈ।
ਰੋਪੜ ਵਿਖੇ ਚੱਲ ਰਹੇ 32ਵੇਂ ਦਸ਼ਮੇਸ਼ ਹਾਕਸ ਆਲ ਇੰਡੀਆ ਹਾਕੀ ਫੈਸਟੀਵਲ ਦੇ ਆਖਰੀ ਦਿਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਹਾਕਸ ਕਲੱਬ ਇਸ ਇਲਾਕੇ ਵਿਚ ਪਿਛਲੇ 50 ਸਾਲ ਤੋਂ ਖੇਡਾਂ ਦੇ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰ ਰਿਹਾ ਹੈ। ਇਸ ਕਲੱਬ ਦੇ ਯਤਨਾਂ ਨਾਲ ਹੀ ਇਸ ਇਲਾਕੇ ਦੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਰੁਝਾਨ ਪੈਦਾ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹਾਕਸ ਕਲੱਬ ਦੀ ਸਰਕਾਰ ਵਲੋਂ ਹਰ ਤਰਾਂ ਦੀ ਸਹਾਇਤਾ ਕੀਤੀ ਜਾਂਦੀ ਰਹੇਗੀ।