Friday, September 19Malwa News
Shadow

500 ਕਰੋੜ ਦੇ ਘਪਲੇ ਵਿਚ ਫਸ ਗਈ ਪ੍ਰਸਿੱਧ ਕਮੇਡੀਅਨ ਭਾਰਤੀ ਸਿੰਘ

ਨਵੀਂ ਬੋਲੀ : ਪ੍ਰਸਿੱਧ ਕਮੇਡੀ ਕਲਾਕਾਰ ਭਾਰਤੀ ਸਿੰਘ ਹੁਣ 500 ਕਰੋੜ ਰੁਪਏ ਦੇ ਘਪਲੇ ਦੇ ਕੇਸ ਵਿਚ ਫਸ ਗਈ ਹੈ। ਦਿੱਲੀ ਪੁਲੀਸ ਨੇ ਭਾਰਤੀ ਸਿੰਘ ਅਤੇ ਉਸਦੇ ਇਕ ਹੋਰ ਸਾਥੀ ਐਲਵੀਸ਼ ਯਾਦਵ ਨੂੰ ਸੰਮਨ ਜਾਰੀ ਕਰ ਦਿੱਤੇ ਨੇ।
ਦਿੱਲੀ ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਇਕ ਧੋਖਾਧੜੀ ਵਾਲੇ ਐਪ ਨਾਲ ਸਬੰਧਿਤ 500 ਕਰੋੜ ਦੀ ਘਪਲੇਬਾਜੀ ਦੇ ਮਾਮਲੇ ਵਿਚ 500 ਤੋਂ ਵੀ ਵੱਧ ਲੋਕਾਂ ਨੇ ਪੁਲੀਸ ਕੋਲ ਸ਼ਿਕਾਇਤਾਂ ਕੀਤੀਆਂ ਹਨ। ਇਨ੍ਹਾਂ ਸ਼ਿਕਾਇਤਾਂ ਵਿਚ ਦੋਸ਼ ਲਾਏ ਗਏ ਨੇ ਭਾਰਤੀ ਸਿੰਘ ਅਤੇ ਉਸਦੇ ਸਾਥੀਆਂ ਨੇ ਮੋਬਾਈਲ ਐਪਲੀਕੇਸ਼ਨ HIBOX ਦਾ ਪ੍ਰਚਾਰ ਕੀਤਾ ਸੀ ਅਤੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਈਆਂ ਸਨ। ਇਸ ਮੋਬਾਈਲ ਐਪਲੀਕੇਸ਼ਨ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਨਿਵੇਸ਼ ਦਾ ਲਾਲਚ ਦਿੱਤਾ ਅਤੇ ਕਰੋੜਾਂ ਰੁਪਿਆ ਇਕੱਠਾ ਕੀਤਾ।
ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਦਾ ਮਾਸਟਰ ਮਾਈਂਡ ਚੇਨਈ ਨਿਵਾਸੀ ਸ਼ਿਵਰਾਮ ਹੈ ਅਤੇ ਉਸ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਪੁਲੀਸ ਨੇ ਇਸ ਘਪਲੇ ਨਾਲ ਸਬੰਧਿਤ ਵਿਅਕਤੀਆਂ ਦੇ ਬੈਂਕ ਖਾਤਿਆਂ ਵਿਚ ਪਏ 18 ਕਰੋੜ ਰੁਪਏ ਵੀ ਜਬਤ ਕਰ ਲਏ ਨੇ। ਇਸ ਮੋਬਾਈਲ ਐਪ ਰਾਹੀਂ ਲੋਕਾਂ ਨੂੰ ਗਰੰਟੀ ਦਿੱਤੀ ਜਾਂਦੀ ਸੀ ਕਿ ਉਨ੍ਹਾਂ ਦੀ ਰਕਮ ਦੁੱਗਣੀ ਹੋ ਜਾਵੇਗੀ। ਲੋਕਾਂ ਨੂੰ ਰੋਜ਼ਾਨਾ ਇਕ ਤੋਂ ਪੰਜ ਫੀਸਦੀ ਰਿਟਰਨ ਦੇਣ ਅਤੇ 30 ਤੋਂ 90 ਫੀਸਦੀ ਤੱਕ ਪ੍ਰਤੀ ਰਿਟਰਨ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਹ ਐਪ ਫਰਵਰੀ 2024 ਵਿਚ ਲਾਂਚ ਕੀਤੀ ਗਈ ਸੀ। ਇਸ ਤੋਂ ਲੋਕਾਂ ਪਾਸੋਂ ਕਰੋੜਾਂ ਰੁਪਿਆ ਇਕੱਠਾ ਕਰਕੇ ਜੁਲਾਈ ਵਿਚ ਤਕਨੀਕੀ ਨੁਕਸ ਅਤੇ ਕਾਨੂੰਨੀ ਉਲਝਣਾ ਦਾ ਬਹਾਨਾ ਬਣਾ ਕੇ ਐਪ ਬੰਦ ਕਰ ਦਿੱਤੀ ਗਈ।
ਪੁਲੀਸ ਨੇ ਇਸ ਮਾਮਲੇ ਵਿਚ ਕਈ ਹੋਰ ਵਿਅਕਤੀਆਂ ਪਾਸੋਂ ਵੀ ਪੁੱਛਗਿੱਛ ਕੀਤੀ ਹੈ ਅਤੇ ਕਈ ਹੋਰ ਅਹਿਮ ਵਿਅਕਤੀਆਂ ਨਾਲ ਵੀ ਇਸ ਘਪਲੇ ਦੀਆਂ ਤਾਰਾਂ ਜੁੜਦੀਆਂ ਨਜ਼ਰ ਆ ਰਹੀਆਂ ਨੇ।
ਮੋਬਾਈਲ ਐਪ ਦੀ ਘਪਲੇਬਾਜੀ ਨਾਲ 30 ਹਜਾਰ ਤੋਂ ਵੀ ਵੱਧ ਲੋਕਾਂ ਨਾਲ ਠੱਗੀ ਮਾਰੀ ਗਈ ਹੈ। ਇਕੱਲੇ ਦਿੱਲੀ ਵਿਚੋਂ ਹੀ ਸ਼ਿਕਾਇਤਾਂ ਆਈਆਂ ਹਨ, ਜਦਕਿ ਭਾਰਤ ਦੇ ਹੋਰ ਹਿੱਸਿਆਂ ਦੇ ਲੋਕਾਂ ਨਾਲ ਵੀ ਠੱਗੀ ਮਾਰੀ ਜਾ ਚੁੱਕੀ ਹੈ।

Bharti Singh