
ਮੋਹਾਲੀ : ਪੰਜਾਬ ਪੁਲੀਸ ਨੇ ਅੱਜ ਦੋ ਵਿਅਕਤੀਆਂ ਪਾਸੋਂ ਡੇਢ ਕਿੱਲੋ ਹੈਰੋਇਨ ਬਰਾਮਦ ਕਰਕੇ ਅਫਗਾਨਿਸਤਾਨ ਤੋਂ ਨਸ਼ਾ ਤਸਕਰੀ ਦੇ ਵੱਡੇ ਗ੍ਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਬਾਰੇ ਪੰਜਾਬ ਪੁਲੀਸ ਦੇ ਮੁਖੀ ਗੌਰਵ ਯਾਦਵ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੁਲੀਸ ਨੇ ਸੁਖਦੀਪ ਸਿੰਘ ਅਤੇ ਕ੍ਰਿਸ਼ਨ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤਾ ਗਿਆ ਸੁਖਦੀਪ ਸਿੰਘ ਸਾਲ 2020 ਵਿਚ ਇਕ ਵਿਅਕਤੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਸ਼ਾਮਲ ਸੀ ਅਤੇ ਮਈ 2024 ਵਿਚ ਉਸਦੀ ਜ਼ਮਾਨਤ ਹੋ ਗਈ ਸੀ। ਹੁਣ ਪੁਲੀਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤਾਂ ਵੱਡਾ ਰੈਕੇਟ ਸਾਹਮਣੇ ਆਇਆ।
ਪੁਲੀਸ ਮੁਖੀ ਨੇ ਦੱਸਿਆ ਕਿ ਇਹ ਗ੍ਰੋਹ ਅੱਧੀਆਂ ਬਾਹਾਂ ਵਾਲੀਆਂ ਜੈਕਟਾਂ ਵਿਚ ਹੈਰੋਇਨ ਲੁਕਾ ਕੇ ਵੱਖ ਵੱਖ ਵਾਹਨਾਂ ਰਾਹੀਂ ਲਿਆਉਂਦੇ ਸਨ। ਇਸ ਗ੍ਰੋਹ ਵਿਚ ਕੌਮਾਂਤਰੀ ਪੱਧਰ ਦੇ ਵੱਡੇ ਸਮਗਲਰ ਸ਼ਾਮਲ ਹਨ। ਪੁਲੀਸ ਵਲੋਂ ਇਨ੍ਹਾਂ ਦੋਵਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲੀਸ ਨੂੰ ਜਾਂਚ ਦੌਰਾਨ ਹੋਰ ਵੀ ਵੱਡੇ ਤੱਥ ਸਾਹਮਣੇ ਆਉਣ ਦੀ ਆਸ ਹੈ।