
ਨਵੀਂ ਦਿੱਲੀ, 17 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਿੱਲੀ ਵਿਧਾਨ ਸਭਾ ਚੋਣਾ ਲਈ ਪ੍ਰਚਾਰ ਨੂੰ ਤੇਜ਼ ਕਰਦਿਆਂ ਵੱਖ ਵੱਖ ਹਲਕਿਆਂ ਵਿਚ ਰੋਡ ਸ਼ੋਅ ਕੱਢੇ। ਪਟੇਲ ਨਗਰ ਤੋਂ ਆਪ ਉਮੀਦਵਾਰ ਪ੍ਰਵੇਸ਼ ਰਤਨ ਦੇ ਹੱਕ ਵਿਚ ਰੋਡ ਸ਼ੋਅ ਕੱਢਿਆ। ਇਸ ਤੋਂ ਬਾਅਦ ਕਰੋਲ ਬਾਗ ਤੋਂ ਵਿਸ਼ੇਸ਼ ਰਵੀ, ਮੋਤੀ ਨਗਰ ਤੋਂ ਸ਼ਿਵ ਚਰਨ ਗੋਇਲ ਅਤੇ ਤਿਲਕ ਨਗਰ ਵਿਚ ਆਪ ਉਮੀਦਵਾਰ ਜਰਨੈਲ ਸਿੰਘ ਲਈ ਚੋਣ ਪ੍ਰਚਾਰ ਕੀਤਾ।
ਰੋਡ ਸ਼ੋਅ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਇਨ੍ਹਾਂ ਚੋਣਾ ਵਿਚ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਕਿਸਮਤ ਦਾ ਫੈਸਲਾ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾ ਵਿਚ ਇਕ ਪਾਸੇ ਨਫਰਤ ਦੀ ਰਾਜਨੀਤੀ ਕਰਨ ਵਾਲੇ ਹਨ ਅਤੇ ਦੂਜੇ ਪਾਸੇ ਲੋਕਾਂ ਲਈ ਦਿਨ ਰਾਤ ਕੰਮ ਕਰਨ ਵਾਲੇ ਹਨ। ਨਫਰਤ ਦੀ ਰਾਜਨੀਤੀ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਰਵਿੰਦ ਕੇਜਰੀਵਾਲ ਦੀ ਲੋਕ ਪੱਖੀ ਸੋਚ ਦਾ ਸਿੱਟਾ ਹੈ ਕਿ ਪਿਛਲੇ 10 ਸਾਲਾਂ ਵਿਚ ਹੀ ਆਮ ਆਦਮੀ ਪਾਰਟੀ ਇਕ ਛੋਟੀ ਜਿਹੀ ਪਾਰਟੀ ਤੋਂ ਇਕ ਕੌਮੀ ਪੱਧਰ ਦੀ ਪਾਰਟੀ ਬਣ ਗਈ ਹੈ। ਇਸ ਵੇਲੇ ਪੂਰੇ ਦੇਸ਼ ਵਿਚ ਆਪ ਦਾ ਡੰਕਾ ਵੱਜ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਆਪ ਦੀ ਸਰਕਾਰ ਨੇ ਦਿੱਲੀ ਅਤੇ ਪੰਜਾਬ ਵਿਚ ਕੰਮ ਕਰ ਕੇ ਦਿਖਾਇਆ ਹੈ ਅਤੇ ਪਿਛਲੀਆਂ ਸਰਕਾਰਾਂ ਦੀਆਂ ਬੇਨਿਸਮੀਆਂ ਸਾਹਮਣੇ ਲਿਆਂਦੀਆਂ ਹਨ। ਇਸ ਲਈ ਹੁਣ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਬਾਕੀ ਸਾਰੀਆਂ ਪਾਰਟੀਆਂ ਪੰਜ ਸਾਲ ਲੁੱਟਦੀਆਂ ਹਨ ਅਤੇ ਇਕੱਲੀ ਆਮ ਆਦਮੀ ਪਾਰਟੀ ਹੀ ਹੈ, ਜਿਸ ਦੇ ਆਗੂ ਪੂਰੇ ਪੰਜ ਸਾਲ ਦਿਨ ਰਾਤ ਮਿਹਨਤ ਕਰਦੇ ਹਨ। ਸਾਫ ਸੁਥਰਾ ਅਤੇ ਪਾਰਦਰਸ਼ੀ ਪ੍ਰਸਾਸ਼ਨ ਕੇਵਲ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ।