
ਚੰਡੀਗੜ੍ਹ, 4 ਫਰਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੁਲੀਸ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਜਿਸ ਵੀ ਇਲਾਕੇ ਵਿਚ ਅਪਰਾਧਿਕ ਘਟਨਾਂ ਵਾਪਰਦੀ ਹੈ ਤਾਂ ਉਸ ਇਲਾਕੇ ਦਾ ਪੁਲੀਸ ਅਧਿਕਾਰੀ ਹੀ ਜੁੰਮੇਵਾਰ ਹੋਵੇਗਾ। ਉਨ੍ਹਾਂ ਨੇ ਸਖਤ ਹਦਾਇਤ ਕੀਤੀ ਕਿ ਕਿਸੇ ਵੀ ਅਧਿਕਾਰੀ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ।
ਅੱਜ ਇੱਥੇ ਪੁਲੀਸ ਕਮਿਸ਼ਨਰਾਂ ਅਤੇ ਐੱਸ.ਐੱਸ.ਪੀ.ਜ਼ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਵਿੱਚ ਅਪਰਾਧ ਨੂੰ ਕਾਬੂ ਵਿੱਚ ਰੱਖਣ ਲਈ ਪਰਭਾਵਸ਼ਾਲੀ ਪੁਲਿਸਿੰਗ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲੀਸ ਦੇਸ਼ ਦੀਆਂ ਸਭ ਤੋਂ ਵਧੀਆ ਬਲਾਂ ਵਿੱਚੋਂ ਇੱਕ ਹੈ ਅਤੇ ਦੇਸ਼ ਦੀ ਇਕੱਤਾ, ਅਖੰਡਤਾ ਅਤੇ ਸੰਪਰਭੂਤਾ ਦੀ ਰੱਖਿਆ ਲਈ ਪੰਜਾਬ ਪੁਲੀਸ ਦੀ ਸ਼ਾਨਦਾਰ ਪਰੰਪਰਾ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਲੋਕਾਂ ਨੂੰ ਨਿਆਂ ਮਿਲਣਾ ਚਾਹੀਦਾ ਹੈ ਅਤੇ ਰਾਜ ਵਿੱਚ ਸਾਂਝਵੇਂ ਭਾਈਚਾਰੇ, ਸ਼ਾਂਤੀ ਅਤੇ ਬੰਧੁਤਾ ਦੀਆਂ ਜੜ੍ਹਾਂ ਮਜ਼ਬੂਤ ਰਹਿਣੀਆਂ ਚਾਹੀਦੀਆਂ ਹਨ।
ਮੁੱਖ ਮੰਤਰੀ ਨੇ ਰਾਜ ਸਰਕਾਰ ਦੀ ਨਸ਼ਾ ਵਿਰੋਧੀ ਨੀਤੀ ਬਾਰੇ ਵੀ ਸਪੱਸ਼ਟ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰੀ ਦੇ ਖਿਲਾਫ ਲੜਾਈ ਨੂੰ ਜਨ ਆਂਦੋਲਨ ਵਿੱਚ ਬਦਲਿਆ ਜਾਣਾ ਚਾਹੀਦਾ ਹੈ। ਪੰਚਾਇਤਾਂ ਨੂੰ ਇਸ ਲਈ ਪ੍ਰੇਰਿਤ ਕੀਤਾ ਜਾਵੇ।
ਮੁੱਖ ਮੰਤਰੀ ਨੇ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜਨ ਦੇ ਲਈ ਸਖਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਸੰਪਤੀਆਂ ਨੂੰ ਜਬਤ ਕੀਤਾ ਜਾਵੇ ਅਤੇ ਵੱਡੇ ਅਪਰਾਧੀਆਂ ਨੂੰ ਕੈਦ ਕੀਤਾ ਜਾਵੇ।
ਸਕੂਲ ਅਤੇ ਕਾਲਜ ਦੇ ਪੱਧਰ ‘ਤੇ ਨੌਜਵਾਨਾਂ ਨੂੰ ਨਸ਼ੇ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਦੀ ਰਣਨੀਤੀ ਬਣਾਈ ਜਾਵੇ।