
ਚੰਡੀਗੜ੍ਹ, 4 ਫਰਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਦਾ ਸ਼ਾਨਾਮੱਤਾ ਇਤਿਹਾਸ ਰਿਹਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੇ ਹਥਿਆਰਬੰਦ ਦਸਤਿਆਂ ਵਿਚ ਪੂਰੀ ਦਲੇਰੀ ਨਾਲ ਦੇਸ਼ ਸੇਵਾ ਕੀਤੀ ਹੈ ਅਤੇ ਜਾਨਾਂ ਵੀ ਵਾਰੀਆਂ ਹਨ। ਪਰ ਇਸ ਵੇਲੇ ਇਹ ਰੁਝਾਨ ਘਟ ਰਿਹਾ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਨੌਜਵਾਨਾਂ ਨੂੰ ਯੋਗ ਸਹੂਲਤਾਂ ਮੁਹਈਆ ਕਰਵਾਉਣ ਵਿਚ ਅਣਗਹਿਲੀ ਵਰਤੀ ਹੈ। ਹੁਣ ਪੰਜਾਬ ਸਰਕਾਰ ਵਲੋਂ ਨੌਜ਼ਵਾਨਾਂ ਦੀ ਹਥਿਆਰਬੰਦ ਦਸਤਿਆਂ ਵਿਚ ਸ਼ਮੂਲੀਅਤ ਵਧਾਉਣ ਲਈ ਪੂਰੇ ਯਤਨ ਸ਼ੁਰੂ ਕੀਤੇ ਜਾ ਚੁੱਕੇ ਹਨ।
ਅੱਜ ਚੰਡੀਗੜ੍ਹ ਵਿਖੇ ਨੈਸ਼ਨਲ ਡਿਫੈਂਸ ਕਾਲਜ ਦੇ ਕਮਾਂਡੈਂਟ ਏਅਰ ਮਾਰਸ਼ਲ ਹਰਦੀਪ ਬੈਂਸ ਏ ਵੀ ਐਸ ਐਮ ਵੀ ਐਸ ਐਮ ਦੀ ਅਗਵਾਈ ਵਿਚ ਆਏ ਵਫਦ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਮਾਈ ਭਾਗੋ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਸੀ ਪਾਈਟ ਕੇਂਦਰਾਂ ਰਾਹੀਂ ਨੌਜ਼ਵਾਨਾਂ ਨੂੰ ਅਧੁਨਿਕ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇਸ਼ ਲਈ ਅੰਨਦਾਤਾ ਹੋਣ ਦੇ ਨਾਲ ਨਾਲ ਸਰਹੱਦੀ ਸੂਬਾ ਵੀ ਹੈ। ਇਸ ਲਈ ਇਥੋਂ ਦੇ ਨੌਜਵਾਨਾਂ ਦੀ ਦਲੇਰੀ ਅਤੇ ਦੇਸ਼ ਪ੍ਰੇਮ ਦੀ ਭਾਵਨਾ ਕਿਸੇ ਤੋਂ ਲੁਕੀ ਛੁਪੀ ਨਹੀਂ ਹੈ। ਇਸ ਲਈ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵਲੋਂ ਡਿਊਟੀ ਦੌਰਾਨ ਸ਼ਹੀਦ ਹੋਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਇਕ ਇਕ ਕਰੋੜ ਰੁਪਏ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ।
ਇਸ ਵਫਦ ਵਿਚ 15 ਅਧਿਕਾਰੀ ਸ਼ਾਮਲ ਹਨ, ਜੋ ਕਿ 3 ਤੋਂ 7 ਫਰਵਰੀ ਤੱਕ ਪੰਜਾਬ ਦਾ ਦੌਰਾ ਕਰ ਰਹੇ ਹਨ। ਇਸ ਵਫਦ ਵਿਚ ਸ਼ਾਮਲ ਸ੍ਰੀਲੰਕਾ, ਮਿਸਰ, ਕੋਰੀਆ, ਓਮਾਨ, ਰੂਸ ਸਮੇਤ 6 ਮੁਲਕਾਂ ਦੇ ਅਧਿਕਾਰੀਆਂ ਨੇ ਪੰਜਾਬ ਸਰਕਾਰ ਵਲੋਂ ਚੁੱਕੇ ਜਾ ਰਹੇ ਕਦਮਾਂ ਦੀ ਭਰਵੀਂ ਸ਼ਲਾਘਾ ਕੀਤੀ।