ਚੰਡੀਗੜ੍ਹ, 2 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖਨੌਰੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਵਿਚ ਭੁੱਖ ਹੜਤਾਲ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲਾ ਦੀ ਸਿਹਤ ਬਾਰੇ ਕੇਂਦਰ ਸਰਕਾਰ ਦੇ ਰਵਈਏ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪਾਣੀ ਦੀਆਂ ਬੁਛਾਰਾਂ ਹਰਿਆਣਾ ਪੁਲੀਸ ਮਾਰ ਰਹੀ ਹੈ ਅਤੇ ਗੈਸ ਦੇ ਗੋਲੇ ਹਰਿਆਣਾ ਸਰਕਾਰ ਛੱਡ ਰਹੀ ਹੈ, ਜਿਥੇ ਭਾਜਪਾ ਦੀ ਸਰਕਾਰ ਹੈ ਤੇ ਮਾਨਯੋਗ ਸੁਪਰੀਮ ਕੋਰਟ ਪੰਜਾਬ ਸਰਕਾਰ ਨੂੰ ਹਕਮ ਸੁਣਾ ਰਹੀ ਹੈ।
ਆਪਣੀ ਰਿਹਾਇਸ਼ ‘ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੀ ਜੁੰਮੇਵਾਰੀ ਨਿਭਾਅ ਰਹੀ ਹੈ। ਸਰਕਾਰ ਨੇ ਸ੍ਰ ਜਗਜੀਤ ਸਿੰਘ ਡੱਲੇਵਾਲਾ ਦੀ ਸਿਹਤ ਦਾ ਧਿਆਨ ਰੱਖਣ ਲਈ ਉਥੇ 50 ਡਾਕਟਰਾਂ ਦੀ ਡਿਊਟੀ ਲਗਾਈ ਹੋਈ ਹੈ। ਭੁੱਖ ਹੜਤਾਲ ਵਾਲੀ ਜਗ੍ਹਾ ਤੋਂ ਨੇੜੇ ਹੀ ਇਕ ਵੱਡੇ ਰੈਸਟੋਰੈਂਟ ਨੂੰ ਹਸਪਤਾਲ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਤਾਂ ਜੋ ਕਿਸੇ ਵੀ ਐਮਰਜੰਸੀ ਦੇ ਹਾਲਾਤ ਵਿਚ ਹਸਪਤਾਲ ਦੀਆਂ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾ ਸਕਣ।
ਮੁੱਖ ਮੰਤਰੀ ਨੇ ਕਿਹਾ ਕਿ ਵਾਰ ਵਾਰ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਅਸੀਂ ਏਅਰ ਐਂਬੂਲੈਂਸ ਦੇ ਦਿੰਦੇ ਹਾਂ, ਅਸੀਂ ਸੁਰੱਖਿਆ ਦੇ ਦਿੰਦੇ ਹਾਂ। ਇੰਨਾ ਕੁੱਝ ਕਰਨ ਦੀ ਥਾਂ ਕਿਸਾਨਾਂ ਨੂੰ ਗੱਲਬਾਤ ਲਈ ਇਕ ਪੱਤਰ ਕਿਉਂ ਨਹੀਂ ਜਾਰੀ ਕਰ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਹੀ ਮੰਗਾਂ ਕੇਂਦਰ ਸਰਕਾਰ ਨਾਲ ਸਬੰਧਿਤ ਹਨ। ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਗੱਲਬਾਤ ਕਰਵਾਉਣ ਲਈ ਵਿਚੋਲਗੀ ਵਾਲਾ ਰਾਹ ਅਪਣਾਇਆ ਸੀ ਅਤੇ ਚੰਡੀਗੜ੍ਹ ਵਿਚ ਕਈ ਮੀਟਿੰਗਾਂ ਕਰਵਾਈਆਂ ਸਨ। ਬਾਅਦ ਵਿਚ ਚੋਣ ਜਾਬਤਾ ਲੱਗ ਗਿਆ ਅਤੇ ਲੋਕ ਸਭਾ ਚੋਣਾ ਆ ਗਈਆਂ। ਉਸ ਤੋਂ ਬਾਅਦ ਭਾਜਪਾ ਦੀ ਹੀ ਸਰਕਾਰ ਫੇਰ ਬਣ ਗਈ। ਇਯ ਲਈ ਭਾਜਪਾ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਦੁਬਾਰਾ ਕਿਸਾਨਾਂ ਨਾਲ ਗੱਲਬਾਤ ਦਾ ਸਿਲਸਲਾ ਸ਼ੁਰੂ ਕਰਦੀ। ਪਰ ਭਾਜਪਾ ਨੇ ਸਰਕਾਰ ਬਨਣ ਪਿਛੋਂ ਕਿਸਾਨਾਂ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਮਨਸ਼ਾ ਪੰਜਾਬ ਸਰਕਾਰ ਤੇ ਕਿਸਾਨ ਜਥੇਬੰਦੀਆਂ ਨੂੰ ਆਪਸ ਵਿਚ ਲੜਾਉਣ ਦੀ ਹੈ। ਉਨ੍ਹਾਂ ਨੇ ਕਿਹਾ ਕਿ ਪੁਲੀਸ ਦੇ ਜਵਾਨ ਵੀ ਕਿਸਾਨਾਂ ਦੇ ਹੀ ਪੁੱਤ ਹਨ। ਇਸ ਲਈ ਪੰਜਾਬ ਸਰਕਾਰ ਕਿਸਾਨਾਂ ਨਾਲ ਕਿਸੇ ਤਰਾਂ ਵੀ ਵਿਵਾਦ ਨਹੀਂ ਕਰੇਗੀ। ਨਾ ਹੀ ਸ੍ਰ ਜਗਜੀਤ ਸਿੰਘ ਡੱਲੇਵਾਲਾ ਨੂੰ ਜਬਰਦਸਤੀ ਚੁੱਕ ਕੇ ਹਸਪਤਾਲ ਦਾਖਲ ਕਰਵਾਉਣ ਦੀ ਕੋਸ਼ਿਸ਼ ਕਰੇਗੀ। ਸਗੋਂ ਪੰਜਾਬ ਸਰਕਾਰ ਵਲੋਂ ਖਨੌਰੀ ਬਾਰਡਰ ‘ਤੇ ਹੀ ਪੂਰੀਆਂ ਡਾਕਟਰੀ ਸਹੂਲਤਾਂ ਮੁਹਈਆ ਕਰਵਾ ਦਿੱਤੀਆਂ ਗਈਆਂ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਨਾਲ ਤੁਰੰਤ ਗੱਲਬਾਤ ਸ਼ੁਰੂ ਕੀਤੀ ਜਾਵੇ ਅਤੇ ਮਸਲੇ ਦਾ ਹੱਲ ਕੀਤਾ ਜਾਵੇ।