ਬਠਿੰਡਾ 7 ਅਕਤੂਬਰ : ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਥਾਣਾ ਸਦਰ ਰਾਮਪੁਰਾ ਵਿੱਚ ਮਾਲਖਾਨਾ ਦੇ ਮੁੰਸ਼ੀ ਨੇ AK-47 ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੁਖਪਾਲ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਮੁੰਸ਼ੀ ਨੂੰ ਤੁਰੰਤ ਹੋਰ ਪੁਲਿਸ ਕਰਮਚਾਰੀਆਂ ਦੁਆਰਾ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ। ਇਸਦੀ ਪੁਸ਼ਟੀ ਕਰਦੇ ਹੋਏ ਐੱਸ.ਐੱਸ.ਪੀ. ਅਮਨੀਤ ਕੋਂਡਲ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਅਨੁਸਾਰ ਸੁਖਪਾਲ ਸਿੰਘ ਪਿਛਲੇ ਸਮੇਂ ਤੋਂ ਥਾਣਾ ਸਦਰ ਰਾਮਪੁਰਾ ਵਿੱਚ ਮਾਲਖਾਨਾ ਦਾ ਮੁੰਸ਼ੀ ਸੀ। ਰੋਜ਼ ਦੀ ਤਰ੍ਹਾਂ ਉਹ ਸੋਮਵਾਰ ਨੂੰ ਫਿਰ ਜਦੋਂ ਥਾਣੇ ਦੇ ਮਾਲਖਾਨੇ ਵਿੱਚ ਡਿਊਟੀ ‘ਤੇ ਆਇਆ ਤਾਂ ਉਸਨੇ ਮਾਲਖਾਨੇ ਦੇ ਅੰਦਰ ਪਈ ਏ.ਕੇ.-47 ਨਾਲ ਖੁਦ ਨੂੰ ਆਪਣੀ ਛਾਤੀ ਵਿੱਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਤਰ ਦੱਸਦੇ ਹਨ ਕਿ ਜਦੋਂ ਸੁਖਪਾਲ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰੀ ਤਾਂ ਗੋਲੀ ਦੀ ਆਵਾਜ਼ ਸੁਣ ਕੇ ਸਾਥੀ ਪੁਲਿਸ ਕਰਮਚਾਰੀ ਉਸਦੇ ਕੋਲ ਮੌਕੇ ‘ਤੇ ਪਹੁੰਚੇ ਅਤੇ ਉਸਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਲੈ ਕੇ ਗਏ। ਪਰ ਹਸਪਤਾਲ ਪਹੁੰਚਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਐੱਸ.ਐੱਸ.ਪੀ. ਅਮਨੀਤ ਕੋਂਡਲ ਦਾ ਕਹਿਣਾ ਸੀ ਕਿ ਥਾਣਾ ਸਦਰ ਰਾਮਪੁਰਾ ਦੇ ਮਾਲਖਾਨਾ ਮੁੰਸ਼ੀ ਨੇ ਖੁਦ ਨੂੰ ਗੋਲੀ ਮਾਰੀ ਹੈ। ਜਿਸ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਸੁਖਪਾਲ ਸਿੰਘ ਨੇ ਆਪਣੇ ਆਪ ਨੂੰ ਗੋਲੀ ਕਿਉਂ ਮਾਰੀ? ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ ਹੀ ਅਸਲ ਕਾਰਨ ਪਤਾ ਲੱਗ ਸਕੇਗਾ।