Wednesday, May 13Malwa News
Shadow

ਬਟਾਲਾ ਦੋਹਰਾ ਕਤਲ ਕਾਂਡ: ਗੈਂਗਸਟਰ ਹੈਪੀ ਜੱਟ ਦੇ ਤਿੰਨ ਕਾਰਕੁਨ ਭੂਟਾਨ ਭੱਜਣ ਦੀ ਕੋਸ਼ਿਸ਼ ਕਰਦੇ ਸਮੇਂ ਅੰਤਰਾਸ਼ਟਰੀ ਸਰਹੱਦ ਤੋਂ ਗ੍ਰਿਫ਼ਤਾਰ

ਚੰਡੀਗੜ੍ਹ, 13 ਮਈ: ਬਟਾਲਾ ਵਿਖੇ ਸਨਸਨੀਖੇਜ਼ ਦੋਹਰੇ ਕਤਲ ਕਾਂਡ ਮਾਮਲੇ ਵਿੱਚ ਵੱਡੀ ਸਫ਼ਲਤਾ ਤਹਿਤ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਇੱਕ ਸੁਚੱਜੇ ਤਾਲਮੇਲ ਰਾਹੀਂ ਕਾਰਵਾਈ ਕਰਦਿਆਂ ਪੱਛਮੀ ਬੰਗਾਲ ਵਿੱਚ ਭਾਰਤ-ਭੂਟਾਨ ਸਰਹੱਦ ਤੋਂ ਵਿਦੇਸ਼-ਅਧਾਰਤ ਭਗੌੜੇ ਗੈਂਗਸਟਰ ਹੈਪੀ ਜੱਟ ਦੇ ਤਿੰਨ ਕਾਰਕੁਨਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਭੂਟਾਨ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਜਾਣਕਾਰੀ ਅੱਜ ਇਥੇ  ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।

“ਆਪ੍ਰੇਸ਼ਨ ਨੈਸਟ ਰੈਕਰ” ਨਾਮ ਹੇਠ ਇਹ ਕਾਰਵਾਈ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਪੰਜਾਬ, ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਅਸ਼ੀਸ਼ ਚੌਧਰੀ ਦੀ ਅਗਵਾਈ ਹੇਠ ਓਵਰਸੀਜ਼ ਫਿਊਜਿਟਿਵ ਟ੍ਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓਐਫਟੀਈਸੀ) ਅਤੇ ਬਟਾਲਾ ਪੁਲਿਸ ਦੁਆਰਾ ਸਾਂਝੇ ਤੌਰ ‘ਤੇ ਕੀਤੀ ਗਈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਕੱਥੂਨੰਗਲ ਦੇ ਰਹਿਣ ਵਾਲੇ ਜਤਿਨ ਸਿੰਘ, ਤਰਨ ਤਾਰਨ ਦੇ ਪਿੰਡ ਸੰਗਰ ਕੋਟ ਦੇ ਰਹਿਣ ਵਾਲੇ ਸਾਜਨਦੀਪ ਸਿੰਘ ਅਤੇ ਅੰਮ੍ਰਿਤਸਰ ਦੇ ਬਲੀਆ ਮੰਜਪੁਰ ਦੇ ਰਹਿਣ ਵਾਲੇ ਮਹਿਕਦੀਪ ਸਿੰਘ ਵਜੋਂ ਹੋਈ ਹੈ। ਦੋਸ਼ੀ ਜਤਿਨ ਸਿੰਘ ਦਾ ਪੁਰਾਣਾ ਅਪਰਾਧਕ ਰਿਕਾਰਡ ਹੈ ਜਿਸਦੇ ਖਿਲਾਫ ਅਸਲਾ ਐਕਟ, ਐਨਡੀਪੀਐਸ ਐਕਟ ਆਦਿ ਤਹਿਤ ਕਈ ਅਪਰਾਧਕ ਮਾਮਲੇ ਦਰਜ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ, 27 ਅਪ੍ਰੈਲ, 2026 ਨੂੰ ਰਾਤ 9 ਵਜੇ ਦੇ ਕਰੀਬ ਬਟਾਲਾ ਦੇ ਪਿੰਡ ਭੋਮਾ ਵਿੱਚ ਦੋ ਮੋਟਰਸਾਈਕਲਾਂ ‘ਤੇ ਸਵਾਰ ਚਾਰ ਅਣਪਛਾਤੇ ਹਮਲਾਵਰਾਂ ਨੇ ਤਿੰਨ ਵਿਅਕਤੀਆਂ ‘ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿੱਚ, ਦੋ ਵਿਅਕਤੀਆਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ, ਜਦੋਂ ਕਿ ਤੀਸਰਾ ਜ਼ਖਮੀ ਹੋ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਆਪਣੇ ਵਿਦੇਸ਼ ਅਧਾਰਤ ਭਗੌੜੇ ਹੈਂਡਲਰ ਹੈਪੀ ਜੱਟ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ, ਜਿਨ੍ਹਾਂ ਨੇ ਉਸਦੇ ਨਿਰਦੇਸ਼ਾਂ ‘ਤੇ ਹੀ ਇਨ੍ਹਾਂ ਯੋਜਨਾਬੱਧ ਕਤਲਾਂ ਨੂੰ ਅੰਜਾਮ ਦਿੱਤਾ ਸੀ।

ਡੀਜੀਪੀ ਨੇ ਕਿਹਾ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਗ੍ਰਿਫ਼ਤਾਰੀ ਤੋਂ ਬਚਣ ਲਈ ਲਗਾਤਾਰ ਆਪਣਾ ਥਹੁ-ਟਿਕਾਣਾ ਬਦਲ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਵਿੱਤੀ ਸਬੰਧਾਂ, ਲੌਜਿਸਟਿਕਲ ਸਹਾਇਤਾ, ਹਥਿਆਰਾਂ ਦੀ ਖਰੀਦ ਅਤੇ ਕੇਸ ਵਿੱਚ ਸ਼ਾਮਲ ਹੋਰ ਸਾਥੀਆਂ ਦੀ ਭੂਮਿਕਾ ਸਮੇਤ ਪੂਰੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਏਜੀਟੀਐਫ ਪ੍ਰਮੋਦ ਬਾਨ ਨੇ ਕਿਹਾ ਕਿ ਘਟਨਾ ਤੋਂ ਬਾਅਦ, ਏਜੀਟੀਐਫ, ਬਟਾਲਾ ਪੁਲਿਸ, ਖੁਫੀਆ ਅਤੇ ਤਕਨੀਕੀ ਇਕਾਈਆਂ ਦੀਆਂ ਪੁਲਿਸ ਟੀਮਾਂ ਨੇ ਸਾਂਝੇ ਤੌਰ ‘ਤੇ ਜਾਂਚ ਕੀਤੀ ਅਤੇ ਵੱਖ-ਵੱਖ ਥਾਵਾਂ ਦੀ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ।

ਏਡੀਜੀਪੀ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਕਨੀਕੀ ਪੈੜ ਅਤੇ ਖੁਫੀਆ ਜਾਣਕਾਰੀ ਤੋਂ ਉਕਤ ਮੁਲਜ਼ਮਾਂ ਦੀ ਅੰਤਰਰਾਸ਼ਟਰੀ ਸਰਹੱਦੀ ਖੇਤਰ ਵੱਲ ਗਤੀਵਿਧੀ ਦਾ ਪਤਾ ਚੱਲਿਆ। ਇਸ ਉਪਰੰਤ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਪੰਜਾਬ ਵਾਪਸ ਲਿਆਉਣ ਲਈ ਏਜੀਟੀਐਫ ਅਤੇ ਬਟਾਲਾ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੀ ਇੱਕ ਟੀਮ ਰਵਾਨਾ ਕੀਤੀ ਗਈ।

ਇਸ ਸਬੰਧ ਵਿੱਚ ਪੁਲਿਸ ਸਟੇਸ਼ਨ ਘੁਮਾਣ, ਬਟਾਲਾ ਵਿਖੇ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਦੀ ਧਾਰਾ 103 ਤੇ 109 ਅਤੇ ਅਸਲਾ ਐਕਟ ਦੀ ਧਾਰਾ 25 ਤਹਿਤ ਐਫਆਈਆਰ ਨੰਬਰ 70 ਮਿਤੀ 28.04.2026 ਪਹਿਲਾਂ ਹੀ ਦਰਜ ਹੈ।