ਮੁੰਡੀਆ ਵੱਲੋਂ ਗਮਾਡਾ ਦੀਆਂ ਸੜਕਾਂ ਦੇ ਕੰਮਕਾਰ ਵਿੱਚ ਢਿੱਲ-ਮੱਠ ਅਤੇ ਗੈਰ ਮਿਆਰਾਂ ਦਾ ਨੋਟਿਸ ਲਿਆ
ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਜੂਨ
ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸੈਕਟਰ 65/66 ਜੰਕਸ਼ਨ ਤੋਂ ਲੈ ਕੇ ਸੈਕਟਰ 66 ਬੀ ਏਅਰਪੋਰਟ ਰੋਡ ਨੂੰ ਚੌੜਾ ਕਰਨ ਦੇ ਕੰਮ ਦਾ ਨਿਰੀਖਣ ਕੀਤਾ ਗਿਆ।
ਸ. ਮੁੰਡੀਆ ਵੱਲੋਂ ਕੀਤੇ ਨਿਰੀਖਣ ਵਿੱਚ ਜਿੱਥੇ ਕੰਮ ਦੀ ਹੌਲੀ ਗਤੀ ਸਾਹਮਣੇ ਆਈ ਉਥੇ ਕੰਮ ਵੀ ਮਿਆਰਾਂ ਮੁਤਾਬਕ ਨਹੀਂ ਹੋ ਰਿਹਾ ਸੀ ਜਿਨ੍ਹਾਂ ਦਾ ਉਨ੍ਹਾਂ ਮੌਕੇ ਉਤੇ ਹੀ ਨੋਟਿਸ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਫਿਟਕਾਰ ਲਗਾਈ। ਉਨ੍ਹਾਂ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇਸ ਮਾਮਲੇ ਦੀ ਜਾਂਚ ਕਰਨ ਅਤੇ ਜਵਾਬਦੇਹੀ ਨਿਸ਼ਚਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਕਾਗਜ਼ਾਂ ਵਿੱਚ ਕੰਮ ਦੀ ਦਿਖਾਈ ਪ੍ਰਗਤੀ ਦੇ ਉਲਟ ਜ਼ਮੀਨ ਉਤੇ ਕੰਮ ਘੱਟ ਹੋਇਆ ਹੈ। ਇਸ ਤੋਂ ਇਲਾਵਾ ਕੰਮ ਦੀ ਗੁਣਵੱਤਾ ਵੀ ਮਿਆਰਾਂ ਮੁਤਾਬਕ ਨਹੀਂ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚਾਹੇ ਵਿਭਾਗ ਦਾ ਕੋਈ ਅਧਿਕਾਰੀ ਜਾਂ ਠੇਕੇਦਾਰ ਇਸ ਲਈ ਜ਼ਿੰਮੇਵਾਰ ਹੋਵੇਗਾ, ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।
...